ਸੁਦੇਸ਼ ਕੁਮਾਰ ਹੈਪੀ
ਤਲਵੰਡੀ ਭਾਈ, 11 ਜੂਨ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਸਬਾ ਮੁੱਦਕੀ ਸਥਿਤ ਸਬ-ਡਿਵੀਜ਼ਨ ਦਫ਼ਤਰ ’ਚ ਮੁਲਾਜ਼ਮਾਂ ਦੀ ਘਾਟ ਕਾਰਨ ਖ਼ਪਤਕਾਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਕੁੱਲ 85 ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਅਸਾਮੀਆਂ ਮਨਜ਼ੂਰਸ਼ੁਦਾ ਹਨ ਜਿਸ ਵਿਚੋਂ ਸਿਰਫ਼ 36.5 ਫ਼ੀਸਦੀ ਯਾਨੀ 31 ਮੁਲਾਜ਼ਮ ਹੀ ਤਾਇਨਾਤ ਹਨ ਜਦ ਕਿ 54 ਅਸਾਮੀਆਂ ਖ਼ਾਲੀ ਹਨ।
ਦਫ਼ਤਰ ਦੇ ਇੰਚਾਰਜ ਐੱਸਡੀਓ, 5 ਜੂਨੀਅਰ ਇੰਜਨੀਅਰ, ਕਲਰਕ, ਏਆਰਏ, ਸੇਵਾਦਾਰ ਤੇ ਚੌਕੀਦਾਰ ਦੀ ਇੱਕ-ਇੱਕ ਪੋਸਟ, ਲਾਈਨ ਮੈਨਾਂ ਦੀਆਂ 6 ਅਤੇ ਸਹਾਇਕ ਲਾਈਨਮੈਨਾਂ ਦੀਆਂ 15 ਅਸਾਮੀਆਂ ’ਤੇ ਤਾਂ ਤਾਇਨਾਤੀ ਮੌਜੂਦ ਹੈ ਪਰ ਕਲਰਕਾਂ ਦੀਆਂ 3, ਲਾਈਨਮੈਨਾਂ ਦੀਆਂ 17, ਸਹਾਇਕ ਲਾਈਨਮੈਨਾਂ ਦੀਆਂ 31, ਜੇਈ, ਮੀਟਰ ਰੀਡਰ ਅਤੇ ਬੀਡੀ ਦੀਆਂ 1-1 ਪੋਸਟਾਂ ਖ਼ਾਲੀ ਪਈਆਂ ਹਨ। ਖ਼ਪਤਕਾਰ ਕਲਰਕ ਦੀ ਗੈਰ ਮੌਜੂਦਗੀ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ ਜਿੱਥੇ ਨਵੇਂ ਕੁਨੈਕਸ਼ਨ, ਲੋਡ 'ਚ ਵਾਧਾ ਤੇ ਹੋਰ ਕੰਮਾਂ ਦੀਆਂ ਫ਼ੀਸਾਂ ਜਮ੍ਹਾਂ ਨਾ ਹੋਣ ਕਾਰਨ ਖ਼ਪਤਕਾਰ ਡਾਢੇ ਪ੍ਰੇਸ਼ਾਨ ਹਨ ਉੱਥੇ ਵਿਭਾਗ ਦਾ ਮਾਲੀਆ ਵੀ ਰੁਕਿਆ ਹੋਇਆ ਹੈ। ਆੜ੍ਹਤੀ ਸੰਘ ਮੁੱਦਕੀ ਦੇ ਆਗੂ ਨਰਿੰਦਰ ਕੁਮਾਰ ਗਰਗ, ਕਾਂਗਰਸੀ ਆਗੂ ਬਲਬੀਰ ਸਿੰਘ ਸੰਧੂ, ਕਿਸਾਨ ਆਗੂ ਸੁਖਮੰਦਰ ਸਿੰਘ ਖੋਸਾ ਨੇ ਸਰਕਾਰ ਦੇ ਚੰਗਾ ਸ਼ਾਸਨ ਦੇਣ ਦੇ ਦਾਅਵਿਆਂ 'ਤੇ ਉਂਗਲ ਚੁੱਕੀ ਹੈ। ਐੱਸਡੀਓ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਕਈ ਕੰਮਾਂ ਦਾ ਤਾਂ ਠੇਕਾ ਆਧਾਰਿਤ ਕਰਮਚਾਰੀਆਂ ਨਾਲ ਹੀ ਸਰ ਜਾਂਦਾ ਹੈ, ਪਰ ਮਾਲੀਆ ਜਮ੍ਹਾਂ ਕਰਵਾਉਣ ਲਈ ਕਿਸੇ ਇੱਕ ਪੱਕੇ ਕਲਰਕ ਦੀ ਖਪਤਕਾਰ ਕਲਰਕ ਵਜੋਂ ਲੌਗਿਨ ਆਈਡੀ ਬਣਨਾ ਲਾਜ਼ਮੀ ਹੈ।
ਕੈਪਸ਼ਨ: ਪਾਵਰਕੌਮ ਦੇ ਸਬ-ਡਿਵੀਜ਼ਨ ਦਫ਼ਤਰ ਮੁੱਦਕੀ ਦੀ ਬਾਹਰੀ ਝਲਕ।