DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ਰਜਬਾਹੇ ’ਚ ਪਾੜ: ਸਾਈ ਨਗਰ ’ਚ ਘੂਕ ਸੁੱਤੇ ਸੈਂਕੜੇ ਲੋਕਾਂ ਦੇ ਘਰਾਂ ’ਚ ਵੜਿਆ ਪਾਣੀ

ਖੁੱਲ੍ਹੇ ਅੰਬਰ ਹੇਠਾਂ ਦਿਨ ਕਟੀ ਕਰਨ ਲਈ ਮਜਬੂਰ; ਮਕਾਨਾਂ ਤੇ ਸਾਮਾਨ ਦੇ ਨੁਕਸਾਨ ਦਾ ਖ਼ਦਸ਼ਾ; ਲੋਕਾਂ ਨੇ ਉੱਚੀਆਂ ਥਾਵਾਂ ’ਤੇ ਲਾਏ ਡੇਰੇ
  • fb
  • twitter
  • whatsapp
  • whatsapp
Advertisement

ਸ਼ਗਨ ਕਟਾਰੀਆ/ਮਨੋਜ ਸ਼ਰਮਾ

ਬਠਿੰਡਾ, 11 ਜੁਲਾਈ

Advertisement

ਇੱਥੋਂ ਦੇ ਸਾਈ ਨਗਰ ਦੇ ਗਰੀਬਾਂ ’ਤੇ ਦੁੱਖਾਂ ਦਾ ਪਹਾੜ ਬਣ ਟੁੱਟ ਪਿਆ। ਇਸ ਕਿਆਮਤ ਨੇ ਉਸ ਵਕਤ ਧਾਵਾ ਬੋਲਿਆ, ਜਦੋਂ ਦਿਨ ਭਰ ਦੇ ਥੱਕੇ-ਟੁੱਟੇ ਗਰੀਬ ਆਪਣੇ ਰੈਣ ਬਸੇਰਿਆਂ ’ਚ ਘੂਕ ਸੁੱਤੇ ਪਏ ਸਨ। ਨੇੜਿਓਂ ਲੰਘਦੇ ਰਜਬਾਹੇ ਦੇ ਇਸ ਕਹਿਰੀ ਪਾਣੀ ਨੇ ਸੈਂਕੜੇ ਘਰਾਂ ਨੂੰ ਆਪਣੀ ਲਪੇਟ ਵਿੱਚ ਲਿਆ।

ਦੱਸ ਦੇਈਏ ਕਿ ਸਾਈ ਨਗਰ ਵਾਰਡ ਨੰਬਰ 16 ਦਾ ਅੰਗ ਹੈ। ਇਸ ਵਾਰਡ ਦੇ ਕੌਂਸਲਰ ਬਲਰਾਜ ਸਿੰਘ ਪੱਕਾ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਘਟਨਾ ਰਾਤੀਂ ਕਰੀਬ 2 ਵਜੇ ਦੀ ਹੈ। ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ, ਉਨ੍ਹ੍ਵਾਂ ਰੌਲਾ ਪਾ ਕੇ ਸੁੱਤੇ ਪਏ ਗੁਆਂਢੀਆਂ ਨੂੰ ਉੱਠ ਕੇ ਸੁਰੱਖਿਅਤ ਜਗ੍ਹਾ ਵੱਲ ਨਿੱਕਲਣ ਦੀ ਸਲਾਹ ਦਿੱਤੀ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਬਸਤੀ ਦੇ 10 ਗਲੀਆਂ ’ਚ ਵਸੇ ਕਰੀਬ 200-250 ਪਰਿਵਾਰਾਂ ਨੂੰ ਘਰਾਂ ’ਚੋਂ ਕੁਝ ਵੀ ਚੁੱਕਣ ਦਾ ਮੌਕਾ ਨਹੀਂ ਮਿਲਿਆ। ਵੇਖਦਿਆਂ-ਵੇਖਦਿਆਂ 2 ਤੋਂ 3 ਫੁੱਟ ਪਾਣੀ ਬਸਤੀ ਅੰਦਰ ਭਰ ਗਿਆ। ਲੋਕਾਂ ਨੂੰ ਖੁਦ ਤਰੱਦਦ ਕਰਕੇ ਸਿੰਜਾਈ ਵਿਭਾਗ ਨੂੰ ਇਸ ਅਣਹੋਣੀ ਬਾਰੇ ਸੂਚਨਾ ਦੇ ਕੇ ਰਜਬਾਹੇ ਦਾ ਪਾਣੀ ਪਿੱਛੋਂ ਬੰਦ ਕਰਨ ਲਈ ਬੇਨਤੀ ਕੀਤੀ। ਫਿਰ ਵੀ ਪਾਣੀ ਦਾ ਵਹਾਅ ਸਵੇਰੇ ਕਰੀਬ 7 ਵਜੇ ਤੱਕ ਬਾ-ਦਸਤੂਰ ਜ਼ੋਰਦਾਰ ਹੀ ਰਿਹਾ। ਸ੍ਰੀ ਪੱਕਾ ਅਨੁਸਾਰ ‘ਹੜ੍ਹਾਂ ਦੇ ਅਗਾਊਂ ਪ੍ਰਬੰਧਾਂ ਦੇ ਮੁਕੰਮਲ ਹੋਣ’ ਦਾ ਦਾਅਵਾ ਕਰਨ ਵਾਲਾ ਪ੍ਰਸ਼ਾਸਨ ਸੁਭ੍ਹਾ 8 ਵਜੇ ਦੇ ਲਗਪਗ ਉੱਥੇ ਬਹੁੜਿਆ। ਇੰਨੇ ਵਿੱਚ ਸਾਈ ਨਗਰ ਦੇ ਘਰਾਂ ਤੋਂ ਇਲਾਵਾ ਨਾਲ ਲੱਗਦੇ ਹਾਊਸਫ਼ੈੱਡ ਦਾ ਆਬਾਦ ਅਤੇ ਖੇਤਾਂ ਦਾ ਤਕਰੀਬਨ 50 ਏਕੜ ਰਕਬਾ ਵੀ ਪਾਣੀ ਦੇ ਕਬਜ਼ੇ ਹੇਠ ਆ ਗਿਆ। ਉਨ੍ਹਾਂ ਦੱਸਿਆ ਕਿ ਸਾਈ ਬਸਤੀ ਦੇ ਤਿੰਨ ਘਰ ਤਾਂ ਬਿਲਕੁਲ ਹੀ ਢਹਿ-ਢੇਰੀ ਹੋ ਗਏ ਹਨ। ਵਕਫ਼ ਬੋਰਡ ਦੇ ਜ਼ਮੀਨ ’ਤੇ ਵਸੀ ਇਸ ਬਸਤੀ ਨੇੜੇ ਕਰੀਬ 5 ਏਕੜ ਵਿਚਲਾ ਕਬਰਸਤਾਨ ਵੀ ਪਾਣੀ ਵਿੱਚ ਡੁੱਬ ਗਿਆ। ਲੋਕਾਂ ਨੇ ਦੱਸਿਆ ਕਿ ਰਜਬਾਹੇ ’ਚ ਪਾੜ ਪੈਣ ਦੀ ਵਜ੍ਹ੍ਵਾ ਰਜਬਾਹੇ ਦੀ ਚਿਰਾਂ ਤੋਂ ਸਫ਼ਾਈ ਦਾ ਨਾ ਹੋਣਾ ਹੈ। ਉਨ੍ਹਾਂ ਦੱਸਿਆ ਕਿ ਰਜਬਾਹੇ ਕਿਨਾਰੇ ਲੱਗੇ ਕਾਫੀ ਦਰੱਖ਼ਤ ਆਪਣੀ ਉਮਰ ਹੰਢਾ ਕੇ ਜਾਂ ਮੌਸਮ ਦੀ ਮਾਰ ਸਦਕਾ ਬੜੇ ਚਿਰਾਂ ਤੋਂ ਟੁੱਟ ਕੇ ਰਜਬਾਹੇ ਵਿਚ ਡਿੱਗੇ ਹੋਏ ਸਨ। ਸਿੰਜਾਈ ਵਿਭਾਗ ਨੇ ਅਜਿਹੇ ਰੁੱਖਾਂ ਨੂੰ ਚੁੱਕਣ ਦੀ ਕਦੇ ਜ਼ਹਿਮਤ ਹੀ ਨਹੀਂ ਉਠਾਈ। ਰਜਬਾਹੇ ਦੇ ਕੰਢਿਆਂ ਵਿੱਚ ਚੂਹਿਆਂ ਦੀਆਂ ਖੁੱਡਾਂ ਵੀ ਇਸ ਆਫ਼ਤ ਦਾ ਕਾਰਨ ਬਣੀਆਂ। ਲੋਕਾਂ ਨੇ ਦੱਸਿਆ ਕਿ ਪਹਿਲਾਂ ਬੇਲਦਾਰ ਰਜਬਾਹੇ ਦੀ ਨਿਗਰਾਨੀ ਕਰਿਆ ਕਰਦੇ ਸਨ, ਪਰ ਹੁਣ ਲੰਮੇ ਅਰਸੇ ਤੋਂ ਉਹ ਡਿਊਟੀ ’ਤੇ ਨਹੀਂ ਵੇਖੇ ਗਏ, ਜਾਂ ਫਿਰ ਕੋਈ ਅਧਿਕਾਰੀ ਉਨ੍ਹਾਂ ਦੀ ਹਾਜ਼ਰੀ ਹੀ ਚੈੱਕ ਨਹੀਂ ਕਰਦਾ। ਇਹ ਵੀ ਸ਼ੰਕਾ ਜਤਾਈ ਜਾ ਰਹੀ ਹੈ ਕਿ ਭਾਰੀ ਮੀਂਹ ਪੈਣ ਕਾਰਨ ਖੇਤੀ ਵਰਤੋਂ ਵਾਲੇ ਪਾਣੀ ਦੀ ਜ਼ਰੂਰਤ ਨਹੀਂ ਰਹੀ ਅਤੇ ਅਜਿਹੇ ’ਚ ਪਾਣੀ ਦਾ ਦਬਾਅ ਰਜਬਾਹੇ ’ਚ ਵਧਣ ਕਾਰਨ ਇਹ ਹਾਦਸਾ ਵਾਪਰਿਆ। ਪਾਣੀ ਦੀ ਬਹੁਤਾਤ ਹੋਣ ਕਰਕੇ ਬਿਮਾਰੀਆਂ ਫ਼ੈਲਣ ਦਾ ਵੀ ਖ਼ਦਸ਼ਾ ਬਣ ਗਿਆ ਹੈ। ਡਰ ਹੈ ਕਿ ਡਾਇਰੀਆ, ਡੇਂਗੂ ਅਤੇ ਮਲੇਰੀਆ ਪੈਰ ਪਸਾਰ ਸਕਦਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਡਾਕਟਰਾਂ ਤੋਂ ਇਲਾਵਾ ਫਾਰਮਾਸਿਸਟਾਂ, ਏਐਨਐਮ’ਜ਼ ਅਤੇ ਆਸ਼ਾ ਵਰਕਰਾਂ ਦੀ ਬਸਤੀ ਵਿੱਚ ਪੱਕੀ ਡਿਊਟੀ ਲਾ ਦਿੱਤੀ ਗਈ ਹੈ। ਗਲੀ ਨੰਬਰ 4 ਵਿੱਚ ਦੋ ਐਂਬੂਲੈਂਸਾਂ ਵੀ ਖੜ੍ਹੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਕੋਈ ਬਿਮਾਰੀ ਜਾਂ ਮਹਾਮਾਰੀ ਨਾ ਫ਼ੈਲੇ, ਫਿਰ ਵੀ ਜੇ ਸਿਹਤ ਪੱਖ ਤੋਂ ਜੇਕਰ ਕੋਈ ਅਣਸੁਖਾਵੀਂ ਸਥਿਤੀ ਨਜ਼ਰ ਆਉਂਦੀ ਹੈ ਤਾਂ ਪ੍ਰਭਾਵਿਤ ਵਿਅਕਤੀ 108 ’ਤੇ ਫ਼ੋਨ ਕਰਕੇ ਸਹਾਇਤਾ ਲੈ ਸਕਦਾ ਹੈ। ਉਨ੍ਹਾਂ ਤਾਕੀਦ ਕੀਤੀ ਕਿ ਪੀਣ ਵਾਲਾ ਪਾਣੀ ਉਬਾਲ ਕੇ ਹੀ ਪੀਤਾ ਜਾਵੇ। ਪਾਵਰਕੌਮ ਵੱਲੋਂ ਸੰਭਾਵੀ ਹਾਦਸੇ ਦੇ ਮੱਦੇਨਜ਼ਰ ਇਸ ਖੇਤਰ ਦੀ ਬਿਜਲੀ ਆਰਜ਼ੀ ਤੌਰ ’ਤੇ ਬੰਦ ਕੱਟ ਦਿੱਤੀ ਗਈ ਹੈ। ਕੌਂਸਲਰ ਬਲਰਾਜ ਸਿੰਘ ਪੱਕਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਪਣਾ ਮਾਲੀ ਨੁਕਸਾਨ ਕਰਵਾ ਚੁੱਕੇ ਲੋਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਸਮਾਜ ਸੇਵੀਆਂ ਵੱਲੋਂ ਲੰਗਰ ਸ਼ੁਰੂ

ਬਠਿੰਡਾ: ਰਜਬਾਹਾ ਟੁੱਟਣ ਕਾਰਨ ਬੇ-ਘਰ ਹੋਏ ਬਸਤੀ ਵਾਸੀਆਂ ਨੇ ਨੇੜਲੀਆਂ ਉੱਚੀਆਂ ਥਾਵਾਂ ਅਤੇ ਸੜਕਾਂ ’ਤੇ ਆਰਜ਼ੀ ਬਸੇਰੇ ਬਣਾ ਲਏ ਹਨ। ਸਮਾਜਿਕ ਸੰਗਠਨਾਂ ਵੱਲੋਂ ਪੀੜਤਾਂ ਲਈ ਭੋਜਨ, ਕੱਪੜੇ ਅਤੇ ਹੋਰ ਜ਼ਰੂਰੀ ਵਸਤਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਹੁਣ ਪ੍ਰਸ਼ਾਸਨ ਵੀ ਹਰਕਤ ਵਿੱਚ ਆਇਆ ਹੈ। ਪਾਣੀ ਨੂੰ ਬੰਨ੍ਹ ਮਾਰ ਕੇ ਪੰਪਾਂ ਰਾਹੀਂ ਚੁੱਕ ਕੇ ਸੀਵਰੇਜ ਪਾਈਪ ਲਾਈਨਾਂ ਵਿੱਚ ਪਾਇਆ ਜਾ ਰਿਹਾ ਹੈ। ਉਮੀਦ ਹੈ ਇਹ ਕਵਾਇਦ ਦੋ ਦਿਨਾਂ ’ਚ ਪੂਰੀ ਹੋਵੇਗੀ।

Advertisement
×