ਤਨਖ਼ਾਹ ’ਚ ਦੇਰੀ ਤੋਂ ਨਾਰਾਜ਼ ਅਧਿਆਪਕਾਂ ਵੱਲੋਂ ਖ਼ਜ਼ਾਨਾ ਦਫ਼ਤਰਾਂ ਅੱਗੇ ਨਾਅਰੇਬਾਜ਼ੀ
ਇਕਬਾਲ ਸਿੰਘ ਸ਼ਾਂਤ
ਲੰਬੀ, 8 ਜੁਲਾਈ
ਹਰ ਮਹੀਨੇ ਤਨਖ਼ਾਹ ਮਿਲਣ ਵਿੱਚ ਦੇਰੀ ਤੋਂ ਨਾਰਾਜ਼ ਸਰਕਾਰੀ ਅਧਿਆਪਕਾਂ ਨੇ ਲੰਬੀ ਦੇ ਖ਼ਜ਼ਾਨਾ-ਕਮ-ਸਬ ਤਹਿਸੀਲ ਅੱਗੇ ਧਰਨਾ ਦੇ ਕੇ ਅਣਐਲਾਨੀ ਵਿੱਤੀ ਐਮਰਜੈਂਸੀ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਮੌਕੇ ਡੈਮੋਕਰੈਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅਧਿਆਪਕਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਹਰ ਮਹੀਨੇ 7-8 ਤਰੀਕ ਤੱਕ ਤਨਖਾਹ ਜਾਰੀ ਕੀਤੀ ਜਾਂਦੀ ਹੈ ਜਦਕਿ ਇਸ ਵਾਰ ਵੀ ਜੂਨ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ। ਧਰਨੇ ਮੌਕੇ ਪੰਜਾਬ ਸਰਕਾਰ ਵੱਲੋਂ ਅਣਐਲਾਨੇ ਢੰਗ ਨਾਲ ਕੇਂਦਰ ਸਰਕਾਰ ਨਾਲੋਂ ਡੀਲਿੰਕ ਕੀਤੇ ਮਹਿੰਗਾਈ ਭੱਤੇ ਨੂੰ ਵੀ ਉਭਾਰਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ, ਡੀਟੀਐੱਫ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਲੰਬੀ, ਅਧਿਆਪਕ ਆਗੂ ਕੁਲਦੀਪ ਸ਼ਰਮਾ ਖੁੱਡੀਆਂ, ਗੁਰਪ੍ਰੀਤ ਢਿੱਲੋਂ, ਜਸਵਿੰਦਰ ਖੁੱਡੀਆਂ, ਤਰਸੇਮ ਘੁਮਿਆਰਾ ਤੇ ਦਵਿੰਦਰ ਸਿੰਘ ਨੇ ਕਿਹਾ ਕਿ ਅਧਿਆਪਕ ਆਗੂਆਂ ਨੇ ਖਜ਼ਾਨਾ ਦਫ਼ਤਰਾਂ ’ਤੇ ਥੋਪੀਆਂ ਸਮੁੱਚੀਆਂ ਪਾਬੰਦੀਆਂ ਤੁਰੰਤ ਖ਼ਤਮ ਕਰਨ, ਸੇਵਾਮੁਕਤ ਹੋਣ ਵਾਲੇ ਅਧਿਆਪਕਾਂ ਦੇ ਸਾਰੇ ਬਕਾਇਆਂ ਦੀ ਅਦਾਇਗੀ 15 ਦਿਨਾਂ ਵਿੱਚ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਜੁਲਾਈ 2020 ਮਗਰੋਂ ਭਰਤੀ ਕੀਤੇ ਮੁਲਾਜ਼ਮਾਂ ਤੇ ਕੇਂਦਰੀ ਤਨਖਾਹ ਕਮਿਸ਼ਨ ਦੀ ਆੜ੍ਹ ਹੇਠ ਤਨਖਾਹ ਕਟੌਤੀ ਰੱਦ ਕਰਨ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ, ਪੇਂਡੂ ਭੱਤੇ ਸਮੇਤ ਕੱਟੇ 37 ਤਰ੍ਹਾਂ ਦੇ ਭੱਤਿਆਂ ਦੀ ਮੁੜ ਬਹਾਲੀ ਦੀ ਮੰਗ ਵੀ ਕੀਤੀ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਡੈਮੋਕਰੈਟਿਕ ਟੀਚਰਜ਼ ਫਰੰਟ ਜ਼ੀਰਾ ਵੱਲੋਂ ਖ਼ਜ਼ਾਨਾ ਦਫ਼ਤਰ ਜ਼ੀਰਾ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਰਾਮ ਸ਼ਰਮਾ, ਜ਼ਿਲ੍ਹਾ ਸਕੱਤਰ ਗਗਨਦੀਪ ਬਰਾੜ, 6635 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਜਨਰਲ ਸਕੱਤਰ ਸ਼ਾਲਿੰਦਰ ਕੰਬੋਜ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਜ਼ਬਾਨੀ ਹੁਕਮਾਂ ਰਾਹੀਂ ਅਧਿਆਪਕਾਂ ਦੀ ਤਨਖਾਹ ਰੋਕ ਦਿੱਤੀ ਜਾਂਦੀ ਹੈ, ਇਸ ਵਾਰ ਵੀ ਜੂਨ ਮਹੀਨੇ ਦੀ ਤਨਖਾਹ ਰੋਕੀ ਹੋਈ ਹੈ। ਆਗੂਆਂ ਨੇ ਪ੍ਰਦਰਸ਼ਨ ਉਪਰੰਤ ਵਿੱਤ ਮੰਤਰੀ ਦੇ ਨਾਂ ਖਜ਼ਾਨਾ ਅਫ਼ਸਰ ਜ਼ੀਰਾ ਗੁਰਲਾਲ ਸਿੰਘ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਯੁੱਧਜੀਤ ਸਰਾਂ, ਮੀਤ ਪ੍ਰਧਾਨ ਉਡੀਕ ਚਾਵਲਾ, ਸੰਯੁਕਤ ਸਕੱਤਰ ਗੁਰਦੇਵ ਸਿੰਘ ਭਾਗੋਕੇ, ਪ੍ਰੈੱਸ ਸਕੱਤਰ ਅਜੈ ਪਵਾਰ, ਬਲਾਕ ਸਕੱਤਰ ਗੁਰਪ੍ਰੀਤ ਮੱਲੋਕੇ, ਸਤੀਸ਼ ਕੁਮਾਰ, ਮਹਿਤਾਬ ਕੰਗ, ਹਰਪ੍ਰੀਤ ਭਾਗੋਕੇ ਹਾਜ਼ਰ ਸਨ।
ਫ਼ਰੀਦਕੋਟ (ਕਮਲਜੀਤ ਕੌਰ): ਡੈਮੋਕਰੇਟਿਕ ਟੀਚਰਜ਼ ਫਰੰਟ ਫ਼ਰੀਦਕੋਟ ਵੱਲੋਂ ਇੱਥੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਫਰੰਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਮਾਲੀਏ ਵਿੱਚ ਵੱਡੇ ਵਾਧੇ ਦੇ ਦਮਗਜੇ ਮਾਰੇ ਜਾ ਰਹੇ ਹਨ, ਸੂਬੇ ਦੇ ਖਜ਼ਾਨੇ ਦੀ ਵਿੱਤੀ ਹਾਲਤ ਮਜ਼ਬੂਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਅਤੇ ਸਿੱਖਿਆ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਅਧਿਆਪਕ ਆਪਣੀ ਸੇਵਾ ਮੁਕਤੀ ਦੇ ਲਾਭ ਲੈਣ ਲਈ ਤਰਸ ਰਹੇ ਹਨ। ਇਸ ਮੌਕੇ ਜਨਰਲ ਸਕੱਤਰ ਗਗਨ ਪਾਹਵਾ, ਹਰਜਸਦੀਪ ਸਿੰਘ, ਗੁਰਪ੍ਰੀਤ ਸਿੰਘ ਰੰਧਾਵਾ ਤੇ ਪ੍ਰਦੀਪ ਸਿੰਘ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਲਗਾਤਾਰ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ। ਇਸ ਮੌਕੇ ਆਗੂ ਅਜਾਇਬ ਸਿੰਘ, ਕੁਲਦੀਪ ਸਿੰਘ ਘਣੀਆ, ਮਦਨ ਲਾਲ, ਦਿਲਬਾਗ ਸਿੰਘ ਬਰਾੜ, ਜਸਪ੍ਰੀਤ ਸਿੰਘ ਸੰਧੂ, ਸਵਰਨਪਾਲ ਸਿੰਘ, ਗੁਰਸੇਵਕ ਸਿੰਘ, ਲਵਕਰਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਮਾਨਸਾ: ਵਫ਼ਦ ਨੂੰ ਛੇਤੀ ਤਨਖ਼ਾਹਾਂ ਦਿਵਾਉਣ ਦਾ ਭਰੋਸਾ
ਮਾਨਸਾ (ਜੋਗਿੰਦਰ ਸਿੰਘ ਮਾਨ): ਇੱਥੇ ਅਧਿਆਪਕਾਂ ਦਾ ਇੱਕ ਵਫ਼ਦ ਤਨਖਾਹਾਂ ਨਾ ਮਿਲਣ ’ਤੇ ਅੱਜ ਛੁੱਟੀ ਤੋਂ ਬਾਅਦ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਅਮੋਲਕ ਸਿੰਘ ਡੇਲੂਆਣਾ ਦੀ ਅਗਵਾਈ ਹੇਠ ਜ਼ਿਲ੍ਹਾ ਖਜ਼ਾਨਾ ਅਫ਼ਸਰ ਨੂੰ ਮਿਲਿਆ। ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਪੂਰਾ ਹਫ਼ਤਾ ਬੀਤ ਜਾਣ ’ਤੇ ਵੀ ਅਜੇ ਜ਼ਿਲ੍ਹੇ ਦੇ ਬਹੁਤ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਤਨਖਾਹਾਂ ਲੇਟ ਹੋਣ ਕਾਰਨ ਘਰ ਦਾ ਖਰਚਾ ਚਲਾਉਣਾ ’ਚ ਮੁਸ਼ਕਲ ਪੇਸ਼ ਆਉਣ ਲੱਗੀ ਹੈ।ਇਸੇ ਦੌਰਾਨ ਜ਼ਿਲ੍ਹਾ ਖਜ਼ਾਨਾ ਅਫ਼ਸਰ ਵੱਲੋਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਇਸ ਸਬੰਧੀ ਮਸਲਾ ਇੱਕ-ਦੋ ਦਿਨਾਂ ’ਚ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਜਥੇਬੰਦੀ ਨੇ ਫੈਸਲਾ ਕੀਤਾ ਕਿ ਵਾਜਬ ਹੱਲ ਨਾ ਹੋਣ ਦੀ ਸੂਰਤ ’ਚ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ। ਇਸ ਮੌਕੇ ਹੰਸਾ ਸਿੰਘ, ਅਵਤਾਰ ਸਿੰਘ, ਜਸਵੀਰ ਭੰਮੇ, ਗੁਰਦਾਸ ਗੁਰਨੇ, ਧਰਮਿੰਦਰ ਹੀਰੇਵਾਲਾ, ਸੁਖਵੀਰ ਸਿੰਘ, ਗੁਰਜੀਤ ਔਲਖ, ਚਮਕੌਰ ਸਿੰਘ, ਗੁਰਵਿੰਦਰ ਮਾਨ, ਮਨਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।
ਪੰਜਾਬ ਸਰਕਾਰ ’ਤੇ ਵਿੱਤੀ ਐਮਰਜੈਂਸੀ ਲਾਉਣ ਦੇ ਦੋਸ਼
ਬਠਿੰਡਾ (ਸ਼ਗਨ ਕਟਾਰੀਆ) :ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਇਕਾਈ ਬਠਿੰਡਾ ਨੇ ਅੱਜ ਇੱਥੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੋਆਣਾ, ਸਕੱਤਰ ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਅਤੇ ਮੀਤ ਪ੍ਰਧਾਨ ਵਿਕਾਸ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਤੋਂ ਇਕੱਠੇ ਕੀਤੇ ਟੈਕਸ ਨੂੰ ਮਨਮਰਜ਼ੀ ਨਾਲ ਲੁਟਾਇਆ ਜਾ ਰਿਹਾ ਹੈ, ਦੂਜੇ ਪਾਸੇ ਮੁਲਾਜ਼ਮ ਤਨਖ਼ਾਹਾਂ ਅਤੇ ਵਿੱਤੀ ਲਾਭਾਂ ਲਈ ਧਰਨੇ ਲਾਉਣ ਲਈ ਮਜਬੂਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਪੰਜਾਬ ਅੰਦਰ ਅਣਐਲਾਨੀ ਵਿੱਤੀ ਐਮਰਜੈਂਸੀ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਤਨਖਾਹਾਂ ਹਰ ਮਹੀਨੇ ਜ਼ਬਾਨੀ ਹੁਕਮਾਂ ਤਹਿਤ ਰੋਕ ਲਈਆਂ ਜਾਂਦੀਆਂ ਹਨ, ਜਦਕਿ ਪਹਿਲਾਂ ਸਮੁੱਚੇ ਮਹਿਕਮਿਆਂ ਨੂੰ ਪੂਰੇ ਸਾਲ ਦਾ ਬਜਟ ਜਾਰੀ ਕੀਤਾ ਜਾਂਦਾ ਸੀ।