ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੇ ਬੈਨਰ ਹੇਠ ਆਂਗਣਵਾੜੀ ਵਰਕਰਾਂ ਨੇ ਆਪਣੀਆਂ ਲੰਮੇ ਸਮੇਂ ਤੋਂ ਲੰਮਕਦੀਆਂ ਮੰਗਾਂ ਮੰਨਵਾਉਣ ਲਈ ਮਿਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਵਰਕਰਾਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੀਆਂ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਆਗੂ ਵੀਰਾਂ ਬਾਈ ਨੇ ਕਿਹਾ ਕਿ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਲਈ ਹਰ ਰੋਜ਼ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਉਨ੍ਹਾਂ ਨੇ ਕਿਹਾ ਕਿ ਜੋ ਨਵੇਂ ਸਿਸਟਮ ਦੇ ਜ਼ਰੀਏ ਮੋਬਾਈਲ ਰਾਹੀਂ ਕੰਮ ਕਰਨਾ ਹੁੰਦਾ ਹੈ ਪਰ ਆਂਗਣਵਾੜੀ ਵਰਕਰਾਂ ਨੂੰ ਨਾ ਤਾਂ ਅਤਿ ਆਧੁਨਿਕ ਮੋਬਾਈਲ ਦਿੱਤੇ ਗਏ ਹਨ ਅਤੇ ਨਾ ਹੀ ਪਿੰਡਾਂ ਵਿੱਚ ਨੈਟਵਰਕ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਪਿੰਡਾਂ ਵਿੱਚ ਆਨਲਾਈਨ ਕੰਮ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਡਿਟ ਲਈ ਵਰਕਰਾਂ ਕੋਲੋਂ ਕਥਿਤ ਤੌਰ ’ਤੇ ਪੰਜ ਸੌ ਰੁਪਏ ਲਏ ਜਾ ਰਹੇ ਹਨ ਪਰ ਉਨ੍ਹਾਂ ਦੀ ਰਸ਼ੀਦ ਨਹੀਂ ਦਿੱਤੀ ਜਾ ਰਹੀ, ਟੀਏਡੀਏ 2018 ਤੋਂ 340 ਰੁਪਏ ਦੇ ਹਿਸਾਬ ਨਾਲ ਦਿੱਤਾ ਜਾਏ, ਮੋਬਾਈਲ ਰਿਚਾਰਜ ਖਰਚਾ ਤੇ ਪੰਜ ਜੀਬੀ ਮੋਬਾਈਲ ਦਿੱਤਾ ਜਾਏ, ਆਂਗਣਵਾੜੀ ਕੇਂਦਰਾਂ ’ਚ ਰਾਸ਼ਨ ਰੱਖਣ ਲਈ ਬਰਤਨ ਦਿੱਤੇ ਜਾਣ। ਬੱਚਿਆਂ ਲਈ ਖਿਡੌਣੇ ਦਿੱਤੇ ਜਾਣ। ਪੋਸ਼ਣ ਟ੍ਰੈਕਰ ਦਾ ਬਕਾਇਆ ਪੈਸਾ ਦਿੱਤਾ ਜਾਏ। ਸੀਬੀਸੀ ਦੀ ਬਕਾਇਆ ਰਾਸ਼ੀ ਤੁਰੰਤ ਦਿੱਤੀ ਜਾਏ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਆਂਗਣਵਾੜੀ ਵਰਕਰ ਤੇ ਹੈਲਪਰ ਮੌਜੂਦ ਸਨ।