ਛੱਪੜ ਪੱਕਾ ਕਰਨ ਮੌਕੇ ਘਟੀਆ ਮੈਟੀਰੀਅਲ ਵਰਤਣ ਦੇ ਦੋਸ਼
ਜਸਵੀਰ ਸਿੰਘ ਬਰਾੜ
ਦੋਦਾ, 7 ਜੁਲਾਈ
ਇਥੋਂ ਨਾਲ ਦੇ ਪਿੰਡ ਭੁੱਟੀਵਾਲਾ ਵਿਖੇ ਛੱਪੜ ਪੱਕਾ ਲਈ ਕਰੀਬ 20 ਲੱਖ ਦੀ ਗ੍ਰਾਂਟ ਖਰਚ ਕੀਤੀ ਜਾ ਰਹੀ ਹੈ। ਇਸ ਛੱਪੜ ਨੂੰ ਪੱਕਾ ਕਰਨ ਲਈ 27 ਮਈ ਨੂੰ ਵਿਧਾਇਕ ਹਰਦੀਪ ਸਿੰਘ ਡਿੰਪੀ ਢਿਲੋਂ ਵੱਲੋਂ ਉਦਘਾਟਨ ਕੀਤਾ ਗਿਆ ਸੀ। ਇਥੋਂ ਦੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਅਤੇ ਵਾਰਡ ਨੰਬਰ 7 ਦੇ ਪੰਚ ਜੋਰਾ ਸਿੰਘ ਅਤੇ ਉਸ ਦੇ ਸਾਥੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੱਪੜ ਬਣਾਉਣ ਮੌਕੇ ਇੱਟ ਬੇਹੱਦ ਘਟੀਆ ਅਤੇ ਪਿੱਲੀ ਵਰਤੀ ਜਾ ਰਹੀ ਹੈ। ਇੱਟਾਂ ਲਾਉਣ ਵਾਲੇ ਵੀ ਕਥਿਤ ਮਿਲੀਭੁਗਤ ਕਾਰਨ ਘਟੀਆ ਰੇਤੇ ਉਤੇ ਹੀ ਇੱਟਾਂ ਚਿਣ ਕੇ ਬੁੱਤਾ ਸਾਰ ਰਹੇ ਰਹੇ ਹਨ। ਜੋ ਬਣਨ ਤੋਂ ਪਹਿਲਾਂ ਹੀ ਟੁੱਟਣਾ ਸ਼ੁਰੂ ਹੋ ਗਿਆ ਹੈ। ਪੰਚ ਨੇ ਲਿਖਤੀ ਸ਼ਕਾਇਤ ਦਿਖਾਉਦਿਆਂ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਵੀ ਦੇ ਆਏ ਹਨ ਜਿੰਨ੍ਹਾਂ ਨੇ ਜਾਂਚ ਦਾ ਭਰੋਸਾ ਦਿੱਤਾ ਹੈ। ਪੰਚ ਜੋਰਾ ਸਿੰਘ ਅਤੇ ਸਾਥੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਧਾਇਕ ਗਿੱਦੜਬਾਹਾ ਤੋਂ ਮੰਗ ਕੀਤੀ ਹੈ ਕਿ ਇਹ ਕੰਮ ਰੋਕ ਕੇ ਇਸ ਦੀ ਜਾਂਚ ਕਰਵਾਈ ਜਾਵੇ ਅਤੇ ਠੇਕੇਦਾਰ ਬਦਲਿਆ ਜਾਵੇ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਉਹ 2014 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਪਰ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ’ਤੇ ਕੰਮ ਕਰਵਾ ਰਹੇ ਮੁਨਸ਼ੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਟਾਲਾ ਵੱਟ ਗਏ।
ਏਡੀਸੀ ਵਿਕਾਸ ਸੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਵਾਂਗੇ ਜੇ ਠੇਕੇਦਾਰ ਦੋਸ਼ੀ ਪਾਇਆ ਗਿਆ ਤਾਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।