ਕੌਮੀ ਮੁਕਾਬਲੇ ’ਚ ਅਬੋਹਰ ਦੀ ਸੰਸਥਾ ਦਾ ਨਾਟਕ ‘ਰੌਂਗ ਨੰਬਰ’ ਦੋਇਮ
ਪੱਤਰ ਪ੍ਰੇਰਕ
ਅਬੋਹਰ, 12 ਜੂਨ
ਥੀਏਟਰ ਸੰਸਥਾ ਅਕਸ ਅਬੋਹਰ ਰਾਸ਼ਟਰੀ ਪੱਧਰ ’ਤੇ ਝੰਡਾ ਲਹਿਰਾਉਣ ਵਿੱਚ ਸਫ਼ਲ ਰਹੀ ਹੈ। ਸੰਸਥਾ ਨੇ ਕੱਲ੍ਹ ਸ਼ਿਮਲਾ ਵਿੱਚ ਆਲ ਇੰਡੀਆ ਆਰਟਿਸਟਸ ਐਸੋਸੀਏਸ਼ਨ ਵੱਲੋਂ ਕਰਵਾਏ ਗਏ 70ਵੇਂ ਆਲ ਇੰਡੀਆ ਡਾਂਸ ਐਂਡ ਡਰਾਮਾ ਮੁਕਾਬਲੇ ਵਿੱਚ ਚਾਰ ਪੁਰਸਕਾਰ ਜਿੱਤੇ ਹਨ। ਇਸ ਮੁਕਾਬਲੇ ਵਿੱਚ ਦੇਸ਼ ਭਰ ’ਚੋਂ 26 ਟੀਮਾਂ ਨੇ ਹਿੱਸਾ ਲਿਆ ਅਤੇ ਸਾਰੀਆਂ ਟੀਮਾਂ ਦੇ ਨਾਟਕ ਇੱਕ ਦੂਜੇ ਨਾਲੋਂ ਬਿਹਤਰ ਸਨ ਪਰ ਸੰਸਥਾ ਅਕਸ ਅਬੋਹਰ ਦਾ ਹਿੰਦੀ ਨਾਟਕ ‘ਰੌਂਗ ਨੰਬਰ’ ਮੁਕਾਬਲੇ ’ਚ ਦੂਜੇ ਨੰਬਰ ’ਤੇ ਰਿਹਾ। ਅਕਸ ਦੇ ਮੁਖੀ ਮੰਗਤ ਵਰਮਾ ਅਤੇ ਪ੍ਰੈੱਸ ਸਕੱਤਰ ਰਾਘਵ ਨਾਗਪਾਲ ਨੇ ਦੱਸਿਆ ਕਿ ਆਲ ਇੰਡੀਆ ਮੁਕਾਬਲੇ ਵਿੱਚ, ਅਕਸ ਅਬੋਹਰ ਨੇ ਪਾਲੀ ਭੁਪਿੰਦਰ ਦੁਆਰਾ ਲਿਖਿਆ ਅਤੇ ਰਾਜਿੰਦਰ ਰਾਜਾ ਦੁਆਰਾ ਨਿਰਦੇਸ਼ਤ ਨਾਟਕ 'ਰੌਂਗ ਨੰਬਰ' ਪੇਸ਼ ਕੀਤਾ। ਨਾਟਕ ਦੀ ਪੇਸ਼ਕਾਰੀ ਦੌਰਾਨ ਦਰਸ਼ਕ ਸੰਵਾਦਾਂ ’ਤੇ ਤਾੜੀਆਂ ਵਜਾਉਂਦੇ ਰਹੇ। ਅਕਸ ਟੀਮ ਤੋਂ ਪ੍ਰਭਾਵਿਤ ਜਿਊਰੀ ਨੇ ਨਾ ਸਿਰਫ਼ ਨਾਟਕ ਨੂੰ ਮੁਕਾਬਲੇ ’ਚ ਦੂਜਾ ਸਥਾਨ ਦਿੱਤਾ ਸਗੋਂ ਪੂਰੀ ਟੀਮ ਨੂੰ ਸਫ਼ਲ ਪੇਸ਼ਕਾਰੀ ਲਈ ਵਧਾਈ ਵੀ ਦਿੱਤੀ। ਇਸ ਨਾਟਕ ਦੇ ਦੋ ਮੁੱਖ ਕਲਾਕਾਰਾਂ, ਰਜਨੀ ਵਰਮਾ ਅਤੇ ਸੰਦੀਪ ਵਰਮਾ ਨੂੰ ਸਰਬੋਤਮ ਦਿਲਾਸਾ ਪੁਰਸਕਾਰ ਅਤੇ ਨਾਟਕ ਦੇ ਸੰਗੀਤ ਨਿਰਦੇਸ਼ਕ, ਸ਼ਾਨੂ ਨੂੰ ਸਰਵੋਤਮ ਸੰਗੀਤ ਪੁਰਸਕਾਰ ਪ੍ਰਾਪਤ ਹੋਇਆ। ਸੰਸਥਾ ਨੇ ਥੀਏਟਰ ਕਲਾਕਾਰ, ਟੀਵੀ ਅਤੇ ਫਿਲਮ ਅਦਾਕਾਰਾ ਅੰਜੁਮ ਗੁਲਾਟੀ ਨੂੰ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ। ਫਿਲਮੀ ਹਸਤੀ ਰੋਹਤਾਸ਼ ਗੋਡ, ਰੇਖਾ ਗੋਡ ਅਤੇ ਦਿਆਲ ਪ੍ਰਸਾਦ ਨੇ ਕਿਹਾ ਕਿ ਅਕਸ ਅਬੋਹਰ ਪਿਛਲੇ 34 ਸਾਲਾਂ ਤੋਂ ਸ਼ਿਮਲਾ ਵਿੱਚ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਹੈ ਅਤੇ ਹਰ ਵਾਰ ਆਪਣੀ ਕਲਾ ਦੇ ਦਮ ’ਤੇ ਆਪਣੇ ਖੇਤਰ ਦਾ ਨਾਮ ਰੌਸ਼ਨ ਕਰ ਰਹੀ ਹੈ।