‘ਆਪ’ ਵਿਧਾਇਕਾਂ ਨੇ ਸੂਬੇ ਦੀ ਥਾਂ ਆਪਣਾ ਵਿਕਾਸ ਕੀਤਾ: ਰਾਣਾ ਸੋਢੀ
ਭਾਜਪਾ ਆਗੂ ਹਰਭਜਨ ਸਿੰਘ ਦਰਗਨ ਦੇ ਯਤਨਾਂ ਸਦਕਾ ਸੋਮਵਾਰ ਨੂੰ ਕਾਂਗਰਸ ਦੀ ਮਹਿਲਾ ਵਾਈਸ ਪ੍ਰਧਾਨ ਸਮੇਤ ਅੱਧਾ ਦਰਜਨ ਲੋਕ ਪਾਰਟੀ ’ਚ ਸ਼ਾਮਲ ਹੋਏ। ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ’ਚ ਸੁਖਵਿੰਦਰ ਸਿੰਘ ਸੱਗੂ ਐਡਵੋਕੇਟ, ਸੁਖਦੇਵ ਸਿੰਘ, ਮਨਜੀਤ ਕੌਰ ਮਹਿਲਾ ਕਾਂਗਰਸ ਦੀ ਵਾਈਸ ਪ੍ਰਧਾਨ, ਰਾਣੋ ਬਾਈ ਤੇ ਕਿਰਨਾਂ ਰਾਣੀ ਆਦਿ ਸ਼ਾਮਲ ਹਨ। ਭਾਜਪਾ ਦੇ ਸਪੈਸ਼ਲ ਨੈਸ਼ਨਲ ਇਨਵਾਇਟੀ ਐਗਜ਼ੀਕਿਊਟਿਵ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲਾ ਹਰ ਇੱਕ ਵਿਅਕਤੀ ਉਸ ਦਾ ਪਰਿਵਾਰਕ ਮੈਂਬਰ ਹੈ ਅਤੇ ਉਨ੍ਹਾਂ ਦਾ ਮਾਣ ਸਨਮਾਨ ਕਰਨਾ ਉਨ੍ਹਾਂ ਦਾ ਪਹਿਲਾ ਫਰਜ਼ ਹੈ। ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬੜੀ ਹੀ ਗੰਭੀਰ ਚਿੰਤਾ ਦਾ ਵਿਸ਼ਾ ਹਨ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪੰਜਾਬ ਪੁਲੀਸ ਇਸ ਹਾਲਾਤ ਉੱਤੇ ਕਾਬੂ ਪਾਉਣ ਵਿੱਚ ਸਮਰਥ ਹੈ ਪਰ ਸੱਤਾਧਾਰੀ ਲੀਡਰਾਂ ਦੀ ਨਾਕਾਰਾਤਮਕ ਇੱਛਾ ਸ਼ਕਤੀ ਸੂਬੇ ਦੀ ਕਾਨੂੰਨ ਵਿਵਸਥਾ ਕੰਟਰੋਲ ਨਹੀਂ ਹੋਣ ਦਿੰਦੀ। ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਜਿੰਨੇ ਵਾਅਦੇ ਕਰ ਕੇ ਆਪਪ ਸੱਤਾ ਵਿੱਚ ਆਈ ਸੀ ਉਨ੍ਹਾਂ ਵਿੱਚੋਂ ਇੱਕ ਵੀ ਗੱਲ ਉਨ੍ਹਾਂ ਪੂਰੀ ਨਹੀਂ ਕੀਤੀ ਅਤੇ ਪੰਜਾਬ ਦਾ ਵਿਕਾਸ ਕਰਨ ਦੀ ਬਜਾਏ ਆਪਣਾ ਅਤੇ ਆਪਣੇ ਵਿਧਾਇਕਾਂ ਦਾ ਵਿਕਾਸ ਜ਼ਰੂਰ ਕੀਤਾ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਲੈਂਡ ਪੂਲਿੰਗ ਸਕੀਮ ਮੌਜੂਦਾ ਸਰਕਾਰ ਦੀ ਲੁੱਟ ਹੈ ਅਤੇ ਇਸ ਦਾ ਕਿਸਾਨਾਂ ਨੂੰ ਨੁਕਸਾਨ ਹੋਵੇਗਾ।