ਪੁਲੀਸ ਮੁਕਾਬਲੇ ਦੌਰਾਨ ਨੌਜਵਾਨ ਜ਼ਖ਼ਮੀ, ਦੋ ਪਿਸਤੌਲ ਬਰਾਮਦ
ਸਰਹੱਦ ਪਾਰੋ ਨਸ਼ਾ ਤਸਕਰੀ ਨਾਲ ਜੁੜਿਆ ਹੋਇਐ ਮੁਲਜ਼ਮਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਜੁਲਾਈ
ਸਥਾਨਕ ਭਗਤਾ ਵਾਲਾ ਦਾਨਾ ਮੰਡੀ ਨੇੜੇ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਇਕ ਨੌਜਵਾਨ ਜ਼ਖਮੀ ਹੋ ਗਿਆ। ਪੁਲੀਸ ਨੇ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲੀਸ ਵੱਲੋਂ ਚਲਾਈ ਗੋਲੀ ਨਾਲ ਨੌਜਵਾਨ ਜ਼ਖਮੀ ਹੋ ਗਿਆ, ਜਿਸ ਕੋਲੋਂ ਪੁਲੀਸ ਨੇ ਦੋ ਪਿਸਤੌਲ ਬਰਾਮਦ ਕੀਤੇ ਹਨ। ਜ਼ਖਮੀ ਨੌਜਵਾਨ ਦੀ ਸ਼ਨਾਖਤ ਵਿਕਰਮਜੀਤ ਸਿੰਘ ਵਾਸੀ ਪਿੰਡ ਭਕਨਾ ਖੁਰਦ ਥਾਣਾ ਘਰਿੰਡਾ ਵੱਜੋਂ ਹੋਈ ਹੈ। ਉਸ ਦੇ ਕੋਲੋਂ ਪੁਲੀਸ ਨੇ ਪੁਆਇੰਟ 32 ਬੋਰ ਦੇ ਦੋ ਪਿਸਤੌਲ, ਅੱਠ ਰੌਂਦ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਬਰਾਮਦ ਕੀਤੇ ਪਿਸਤੌਲਾਂ ਵਿੱਚੋਂ ਇੱਕ ਗਲੋਕ ਅਤੇ ਇੱਕ ਚਾਈਨੀਜ਼ ਪਿਸਤੌਲ ਹੈ। ਪੁਲੀਸ ਨੇ ਇਸ ਸਬੰਧ ਵਿੱਚ ਥਾਣਾ ਗੇਟ ਹਕੀਮਾਂ ਵਿੱਚ ਗ੍ਰਿਫਤਾਰ ਕੀਤੇ ਨੌਜਵਾਨ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਏਐੱਸਆਈ ਅਸ਼ਵਨੀ ਕੁਮਾਰ ਅਤੇ ਹੋਰ ਪੁਲੀਸ ਕਰਮਚਾਰੀ ਰੇਲਵੇ ਸਟੇਸ਼ਨ ਦਾਣਾ ਮੰਡੀ ਭਗਤਾਂ ਵਾਲਾ ਨੇੜੇ ਨਾਕਾਬੰਦੀ ’ਤੇ ਤਾਇਨਾਤ ਸਨ। ਇਸ ਦੌਰਾਨ ਉਨ੍ਹਾਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪਰ ਉਹ ਰੁਕਣ ਦੀ ਥਾਂ ਮੋਟਰਸਾਈਕਲ ਪਿੱਛੇ ਮੋੜ ਕੇ ਭੱਜਣ ਲੱਗਾ ਅਤੇ ਸਲਿਪ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਇਸ ਨੌਜਵਾਨ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢੀ ਅਤੇ ਪੁਲੀਸ ਪਾਰਟੀ ’ਤੇ ਗੋਲੀ ਚਲਾਈ। ਉਸ ਨੇ ਭੱਜਣ ਦਾ ਯਤਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨੇ ਆਪਣੇ ਬਚਾਅ ਵਿੱਚ ਤੁਰੰਤ ਕਾਰਵਾਈ ਕੀਤੀ। ਐੱਸਆਈ ਸਕੱਤਰ ਸਿੰਘ ਨੇ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਚਲਾਈ, ਜੋ ਇਸ ਨੌਜਵਾਨ ਦੀ ਲੱਤ ਵਿੱਚ ਲੱਗੀ ਅਤੇ ਇਹ ਜ਼ਖ਼ਮੀ ਹੋ ਕੇ ਉਹ ਹੇਠਾਂ ਡਿੱਗ ਪਿਆ। ਹੇਠਾਂ ਡਿੱਗਣ ਮਗਰੋਂ ਉਸ ਦੇ ਹੱਥ ਵਿੱਚ ਫੜਿਆ ਪਿਸਤੌਲ ਵੀ ਹੇਠਾਂ ਡਿੱਗ ਪਿਆ। ਪੁਲੀਸ ਪਾਰਟੀ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਕਾਬੂ ਕੀਤਾ ਅਤੇ ਉਸਦੀ ਪਿਸਤੌਲ ਵੀ ਜ਼ਬਤ ਕਰ ਲਈ। ਤਲਾਸ਼ੀ ਦੌਰਾਨ ਉਸ ਦੀ ਪੈਂਟ ਵਿੱਚੋਂ ਇੱਕ ਹੋਰ ਪਿਸਤੌਲ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਇਸ ਨੌਜਵਾਨ ਨੂੰ ਡਾਕਟਰੀ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੇ ਖ਼ਿਲਾਫ਼ ਥਾਣਾ ਘਰਿੰਡਾ ਵਿੱਚ 11 ਜੂਨ ਨੂੰ ਅਸਲਾ ਐਕਟ ਹੇਠ ਕੇਸ ਦਰਜ ਹੋਇਆ ਸੀ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ 11 ਜੂਨ ਨੂੰ ਅਟਾਰੀ ਸਰਹੱਦ ਨੇੜੇ ਨੇਸ਼ਠਾ ਪਿੰਡ ਕੋਲੋ ਪੁਲੀਸ ਨੇ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਸੀ। ਇਸ ਕਾਰਵਾਈ ਦੌਰਾਨ ਮੁਲਜ਼ਮਾਂ ਵੱਲੋਂ ਪੁਲੀਸ ਪਾਰਟੀ ’ਤੇ ਗੋਲੀ ਚਲਾਈ ਗਈ ਸ । ਜਿਸ ਵਿੱਚ ਇੱਕ ਰਾਹਗੀਰ ਗੁਰਜੀਤ ਸਿੰਘ ਵਾਸੀ ਪਿੰਡ ਰਸੂਲਪੁਰ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇਹ ਨੌਜਵਾਨ ਵਿਕਰਮਜੀਤ ਸਿੰਘ ਮੁੱਖ ਸ਼ੱਕੀ ਵਿਅਕਤੀ ਸੀ, ਜਿਸ ਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਇਸ ਦੇ ਇੱਕ ਸਾਥੀ ਹੈਪੀ ਨੂੰ ਪੁਲੀਸ ਨੇ ਪਹਿਲਾਂ ਹੀ ਕਾਬੂ ਕਰ ਲਿਆ ਸੀ। ਉਨ੍ਹਾਂ ਆਖਿਆ ਕਿ ਇਹ ਸਰਹੱਦ ਪਾਰੋ ਨਸ਼ਾ ਤਸਕਰੀ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ।