ਠੇਕੇਦਾਰ ਦੇ ਦੋ ਮੁਲਾਜ਼ਮਾਂ ਵੱਲੋਂ ਜੰਮੂ-ਕਸ਼ਮੀਰ ਦੀ ਬਸੋਹਲੀ ਪੁਲੀਸ ’ਤੇ ਕੁੱਟਮਾਰ ਦੇ ਦੋਸ਼
ਐੱਨ ਪੀ ਧਵਨ
ਪਠਾਨਕੋਟ, 2 ਜੁਲਾਈ
ਰਣਜੀਤ ਸਾਗਰ ਡੈਮ ਦੀ ਝੀਲ ’ਚੋਂ ਮੱਛੀਆਂ ਫੜਨ ਵਾਲੇ ਠੇਕੇਦਾਰ ਦੇ ਕਰਮਚਾਰੀਆਂ ਅਤੇ ਜੰਮੂ-ਕਸ਼ਮੀਰ ਪੁਲੀਸ ਵਿਚਕਾਰ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਠੇਕੇਦਾਰ ਦੇ ਕਰਮਚਾਰੀਆਂ ਨੇ ਜੰਮੂ-ਕਸ਼ਮੀਰ ਦੀ ਬਸੋਹਲੀ ਪੁਲੀਸ ’ਤੇ ਉਨ੍ਹਾਂ ਨਾਲ ਤੀਜੇ ਦਰਜੇ ਦਾ ਤਸ਼ੱਦਦ ਕਰਨ ਦਾ ਦੋਸ਼ ਵੀ ਲਾਇਆ ਹੈ। ਹਾਲਾਂਕਿ, ਦੋਵੇਂ ਜ਼ਖ਼ਮੀ ਸਿਵਲ ਹਸਪਤਾਲ ਪਠਾਨਕੋਟ ਵਿੱਚ ਜ਼ੇਰੇ ਇਲਾਜ ਹਨ। ਇਹ ਘਟਨਾ 29 ਜੂਨ ਨੂੰ ਰਾਤ 11 ਵਜੇ ਦੇ ਕਰੀਬ ਵਾਪਰੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜ਼ਖ਼ਮੀਆਂ ਨੂੰ ਇਲਾਜ ਲਈ ਪਠਾਨਕੋਟ ਸਿਵਲ ਹਸਪਤਾਲ ਲਿਆਂਦਾ ਗਿਆ ਜਦਕਿ ਬਸੋਹਲੀ ਪੁਲੀਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਜ਼ਖ਼ਮੀ ਫਰੀਦ ਮੁਹੰਮਦ ਅਤੇ ਸ਼ੁਕਰਦੀਨ ਨੇ ਕਿਹਾ ਕਿ ਉਹ ਝੀਲ ਵਿੱਚੋਂ ਮੱਛੀਆਂ ਫੜਦੇ ਹਨ। ਜਦੋਂ ਸੀਜ਼ਨ ਬੰਦ ਹੁੰਦਾ ਹੈ ਤਾਂ ਉਹ ਮੱਛੀਆਂ ਦੀ ਦੇਖਭਾਲ ਲਈ ਰਾਤ ਨੂੰ ਬੰਨ੍ਹ ਵਾਲੇ ਪਾਸੇ ਗਸ਼ਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ 29 ਜੂਨ ਨੂੰ ਰਾਤ 11 ਵਜੇ ਅਟਲ ਸੇਤੂ ਪੁਲ ਨੇੜੇ ਪੰਜਾਬ ਦੀ ਸਰਹੱਦ ’ਚ ਬੈਠ ਗਏ ਤੇ ਖਾਣਾ ਖਾਣ ਲੱਗੇ। ਉਨ੍ਹਾਂ ਦੱਸਿਆ ਕਿ ਬਸੋਹਲੀ ਪੁਲੀਸ ਦੀ ਇੱਕ ਗੱਡੀ ਉਨ੍ਹਾਂ ਨੇੜੇ ਆ ਕੇ ਰੁਕੀ ਜਿਸ ਵਿੱਚ ਸਵਾਰ ਚਾਰ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਬਹਿਸ ਸ਼ੁਰੂ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਬਸੋਹਲੀ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਮੌਕੇ ’ਤੇ ਕੁੱਲ ਚਾਰ ਕਰਮਚਾਰੀ ਸਨ ਜਿਨ੍ਹਾਂ ’ਚੋਂ ਦੋ ਪੁਲੀਸ ਦੇ ਅੱਤਿਆਚਾਰਾਂ ਨੂੰ ਦੇਖ ਕੇ ਭੱਜ ਗਏ ਅਤੇ ਪੁਲੀਸ ਨੇ ਬਾਕੀ ਦੋਵਾਂ ਨੂੰ ਥਾਣੇ ਲਿਜਾ ਕੇ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪੁਲੀਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ। ਪੀੜਤਾਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਜ਼ਮਾਨਤ ਦਿਵਾਈ ਅਤੇ ਹੁਣ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਬਸੋਹਲੀ ਪੁਲੀਸ ਨੇ ਦੋਸ਼ ਨਕਾਰੇ
ਬਸੋਹਲੀ ਪੁਲੀਸ ਥਾਣੇ ਦੀ ਮਹਿਲਾ ਇੰਚਾਰਜ ਗੀਤਾਂਜਲੀ ਨੇ ਕਿਹਾ ਕਿ ਉਹ ਘਟਨਾ ਵਾਲੇ ਦਿਨ ਛੁੱਟੀ ’ਤੇ ਸਨ ਅਤੇ ਠੇਕੇਦਾਰ ਦੇ ਕਰਮਚਾਰੀਆਂ ਵੱਲੋਂ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਜੰਮੂ-ਕਸ਼ਮੀਰ ਦੀ ਹੱਦ ਵਿੱਚ ਆਪਸ ਵਿੱਚ ਲੜ ਰਹੇ ਸਨ ਤੇ ਹੁੱਲੜਬਾਜ਼ੀ ਕਰ ਰਹੇ ਸਨ ਅਤੇ ਹਟਾਉਣ ਗਏ ਪੁਲੀਸ ਮੁਲਾਜ਼ਮਾਂ ਨਾਲ ਇੰਨ੍ਹਾਂ ਦੀ ਝੜਪ ਹੋ ਗਈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਵਿਰੁੱਧ ਥਾਣਾ ਬਸੋਹਲੀ ਵਿੱਚ 30 ਜੂਨ ਨੂੰ ਕੇਸ ਵੀ ਦਰਜ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਐੱਸਐੱਸਪੀ ਕਠੂਆ ਦੇ ਨੋਟਿਸ ਵਿੱਚ ਵੀ ਹੈ ਜਿਨ੍ਹਾਂ ਮਾਮਲੇ ਦੀ ਜਾਂਚ ਲਈ ਕਮੇਟੀ ਵੀ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰਾ ਮਾਮਲਾ ਜਾਂਚ ਅਧੀਨ ਹੈ ਅਤੇ ਜੋ ਵੀ ਦੋਸ਼ੀ ਮਿਲਿਆ, ਉਸ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।