ਨਹਿਰੀ ਪਾਣੀ ਸਪਲਾਈ ਪ੍ਰਾਜੈਕਟ ਯੋਜਨਾ ਅਧੀਨ ਪਾਈਪਾਂ ਵਿਛਾਉਣ ਵਾਲੀ ਕੰਪਨੀ ਐਲਐਂਡਟੀ ਅਤੇ ਪਿਮਸਿਪ ਵੱਲੋਂ ਪਾਈਪਾਂ ਵਿਛਾਉਣ ਤੋਂ ਬਾਅਦ ਸੜਕਾਂ ਦਾ ਪੁਨਰ ਨਿਰਮਾਣ ਸਹੀ ਢੰਗ ਨਾਲ ਨਾ ਕਰਨ ਕਰਕੇ ਹੋਏ ਨੁਕਸਾਨ ਵਜੋਂ ਨਗਰ ਨਿਗਮ ਵੱਲੋਂ ਕੰਪਨੀ ਨੂੰ ਨੋਟਿਸ ਜਾਰੀ ਕਰਨ ਅਤੇ ਜੁਰਮਾਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ।ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਐੱਲਐਂਡਟੀ ਅਤੇ ਪਿਮਸਿਪ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਮਿਸ਼ਨਰ ਨੇ ਕੰਪਨੀ ਨੂੰ ਸਖ਼ਤ ਹਦਾਇਤ ਕੀਤੀ ਕਿ ਬਰਸਾਤ ਤੋਂ ਬਾਅਦ ਇਹ ਸੜਕਾਂ ਧਸਣ ਲਗੀਆ ਹਨ, ਇਸ ਲਈ ਇਨ੍ਹਾਂ ਸੜਕਾਂ ’ਤੇ ਮੁੜ ਸਹੀ ਤਰੀਕੇ ਨਾਲ ਮੁਰੰਮਤ ਕੀਤੀ ਜਾਵੇ ਅਤੇ ਬਰਾਬਰ ਲੈਵਲ ਤੇ ਸੜਕਾਂ ਦਾ ਨਿਰਮਾਣ ਕੀਤਾ ਜਾਵੇ। ਕਮਿਸ਼ਨਰ ਨੇ ਪਿਮਸਿਪ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਪਨੀ ਦੀਆਂ ਸਾਰੀਆਂ ਅਦਾਇਗੀਆਂ ਰੋਕ ਲਈਆਂ ਜਾਣ ਅਤੇ ਇਸ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਜੁਰਮਾਨਾ ਲਗਾਇਆ ਜਾਵੇ।