ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 30 ਜੂਨ
ਇੱਥੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਹੋਈ ਪਤਨੀ ਤੇ ਸੱਸ ’ਤੇ ਇਕ ਵਿਅਕਤੀ ਨੇ ਗੋਲੀਆਂ ਚਲਾ ਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ। ਗੰਭੀਰ ਜ਼ਖਮੀ ਹੋਈਆਂ ਮਾਂ ਤੇ ਧੀ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਵਿਜ ਕੁਮਾਰ ਨੇ ਦੱਸਿਆ ਕਿ ਕਰਤਾਰਪੁਰ ਨੇੜਲੇ ਪਿੰਡ ਬ੍ਰਹਮਪੁਰ ਦੀ ਜੋਤੀ ਦਾ ਵਿਆਹ ਸੁਖਚੈਨ ਸਿੰਘ ਪਿੰਡ ਔਜਲਾ ਨਾਲ ਹੋਇਆ ਸੀ। ਦੋਵਾਂ ਦਾ ਆਪਸੀ ਝਗੜਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਜੋਤੀ ਅਤੇ ਸੁਖਚੈਨ ਦੇ ਝਗੜੇ ਕਾਰਨ ਜੋਤੀ ਦੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਹ ਆਪਣੀ ਮਾਤਾ ਕੁਲਵਿੰਦਰ ਕੌਰ ਨਾਲ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਈ ਸੀ। ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਸੁਖਚੈਨ ਸਿਵਲ ਹਸਪਤਾਲ ਵਿੱਚ ਆਇਆ ਅਤੇ ਉਸ ਨੇ ਇਲਾਜ ਅਧੀਨ ਪਤਨੀ ਤੇ ਨਾਲ ਬੈਠੀ ਉਸ ਦੀ ਮਾਤਾ ਕੁਲਵਿੰਦਰ ਕੌਰ ’ਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਸੁਖਚੈਨ ਮੌਕੇ ਤੋਂ ਫਰਾਰ ਹੋ ਗਿਆ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।