ਤਰਨ ਤਾਰਨ ਦੀਆਂ ਸੜਕਾਂ ’ਤੇ ਖਿੱਲਰੇ ਕੂੜੇ ਕਾਰਨ ਲੋਕ ਪ੍ਰੇਸ਼ਾਨ
ਪਵਿੱਤਰ ਸ਼ਹਿਰ ਤਰਨ ਤਾਰਨ ਦੀਆਂ ਸੜਕਾਂ ਦੇ ਕਿਨਾਰਿਆਂ ਤੇ ਲਗਾਏ ਜਾਂਦੇ ਕੂੜੇ ਦੇ ਢੇਰਾਂ ਨੇ ਸ਼ਹਿਰ ਨਿਵਾਸੀਆਂ ਅਤੇ ਦੁਕਾਨਦਾਰਾਂ ਦਾ ਲਈ ਪ੍ਰੇਸ਼ਾਨੀ ਬਣੇ ਹੋਏ ਹਨ। ਇਕ ਸਮਾਜ ਸੇਵੀ ਦਲਵਿੰਦਰ ਸਿੰਘ ਪਨੂੰ ਨੇ ਕਿਹਾ ਕਿ ਗੰਦਗੀ ਦੇ ਇਹ ਢੇਰ ਸ਼ਹਿਰ ਦੀ ਮੇਨ ਰੋਡ (ਨੇੜੇ ਸਰਕਲ ਦਫਤਰ ਪਾਵਰਕੌਮ), ਸਰਕੁਲਰ ਰੋਡ (ਨੇੜੇ ਨੂਦਰੀ ਅੱਡਾ ਚੌਕ), ਸ਼ਹਿਰ ਦੇ ਮੁੱਖ ਡਾਕਘਰ ਨੇੜੇ, ਸਟੇਟ ਬੈਂਕ ਆਫ਼ ਇੰਡੀਆ ਵਾਲੀ ਸੜਕ ਆਦਿ ’ਤੇ ਦਿਨ ਭਰ ਕਿਸੇ ਵੇਲੇ ਵੀ ਦੇਖੇ ਜਾ ਸਕਦੇ ਹਨ। ਸਰਕੁਲਰ ਰੋਡ ਦੇ ਦੁਕਾਨਦਾਰਾਂ ਨੇ ਕਿਹਾ ਕਿ ਬੀਤੇ ਤਿੰਨ ਸਾਲਾਂ ਤੋਂ ਉਨ੍ਹਾਂ ਦੀਆਂ ਦੁਕਾਨਾਂ ਦੇ ਨੇੜੇ ਸੁੱਟੇ ਜਾ ਰਹੇ ਕੂੜੇ ਦੇ ਢੇਰ ਦੀ ਬੁਦਬੂ ਨੇ ਜਿਥੇ ਉਨ੍ਹਾਂ ਦਾ ਜਿਊਣਾ ਮੁਸ਼ਕਲ ਬਣ ਦਿੱਤਾ ਹੈ, ਉਥੇ ਉਨ੍ਹਾਂ ਨੂੰ ਖਤਰਨਾਕ ਬਿਮਾਰੀਆਂ ਦੇ ਮੂੰਹ ਵੱਲ ਵੀ ਧਕੇਲਿਆ ਜਾ ਰਿਹਾ ਹੈ। ਦੁਕਾਨਦਾਰ ਦਇਆ ਸਿੰਘ, ਸੋਨੂੰ, ਕਾਬਲ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ ਲਾਡੀ ਸਮੇਤ ਹੋਰਨਾਂ ਨੇ ਅੱਜ ਸੜਕ ਕਿਨਾਰੇ ਦੂਰ ਦੂਰ ਤੱਕ ਖਿੱਲਰੇ ਕੂੜੇ ਨੇੜੇ ਖੜ੍ਹੇ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਇਸ ਮੁਸ਼ਕਲ ਨੂੰ ਹੱਲ ਕਰਵਾਉਣ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਬੰਧਕ-ਕਮ-ਐਸ ਡੀ ਐਮ ਨੂੰ ਲਗਾਤਾਰ ਕਈ ਵਾਰ ਬੇਨਤੀਆਂ ਕੀਤੀਆਂ ਹਨ ਪਰ ਅਧਿਕਾਰੀ ਉਨ੍ਹਾਂ ਦੀ ਮੁਸ਼ਕਲ ਦਾ ਹੱਲ ਕਰਨ ਵੱਲ ਧਿਆਨ ਨਹੀਂ ਦੇ ਰਹੇ ਜਿਸ ਨਾਲ ਉਨ੍ਹਾਂ ਦੀ ਸਿਹਤ ਦੇ ਮਾੜਾ ਅਸਰ ਪੈਣ ਤੋਂ ਇਲਾਵਾ ਕਾਰੋਬਾਰ ’ਤੇ ਵੀ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਥੇ ਸੁੱਟਿਆ ਜਾਂਦਾ ਕੂੜਾ ਹਫਤੇ ਬਾਅਦ ਹੀ ਚੁੱਕਿਆ ਜਾਂਦਾ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ (ਈ ਓ) ਕਮਲਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰ ਸੜਕਾਂ ਦੇ ਕਿਨਾਰਿਆਂ ਤੇ ਸੁੱਟਿਆ ਜਾਂਦਾ ਕੂੜਾ ਰੋਜ਼ਾਨਾ 12 ਵਜੇ ਤੱਕ ਚੁੱਕ ਲਿਆ ਜਾਂਦਾ ਹੈ ਅਤੇ ਜੇ ਇਸ ਦੇ ਬਾਅਦ ਵੀ ਸਥਿਤੀ ਅਜਿਹੀ ਬਣੀ ਰਹਿੰਦੀ ਹੈ ਤਾਂ ਲੋਕ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਸਕਦੇ ਅਤੇ ਉਹ ਸੈਨੇਟਰੀ ਇੰਸਪੈਕਟਰ ਖ਼ਿਲਾਫ਼ ਕਾਰਵਾਈ ਕਰਨਗੇ।