ਇਥੇ ਨੈਸ਼ਨਲ ਹਾਈਵੇਅ ਰੋਡ ’ਤੇ ਗੁਰਦਾਸ ਨੰਗਲ ਕਲੋਨੀ ਮੋੜ ’ਤੇ ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਏ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਬਚਨ ਲਾਲ (58) ਵਾਸੀ ਮੱਲੋਵਾਲ ਥਾਣਾ ਧਾਰੀਵਾਲ ਹਾਲ ਵਾਸੀ ਆਰੀਆ ਨਗਰ ਜ਼ੇਲ੍ਹ ਰੋਡ ਗੁਰਦਾਸਪੁਰ ਵਜੋਂ ਹੋਈ। ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਮ੍ਰਿਤਕ ਦੀ ਪੁੱਤਰੀ ਤਮੰਨਾ ਦੇਵੀ ਦੇ ਬਿਆਨਾਂ ’ਤੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪੁੱਤਰੀ ਤਮੰਨਾ ਦੇਵੀ ਨੇ ਪੁਲੀਸ ਨੂੰ ਦੱਸਿਆ ਕਿ ਉਸਦਾ ਪਿਤਾ ਬਚਨ ਲਾਲ ਮੋਟਰਸਾਈਕਲ ’ਤੇ ਮਨਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮਹਾਂਦੇਵ ਨਾਲ ਧਾਰੀਵਾਲ ਤੋਂ ਗੁਰਦਾਸਪੁਰ ਨੂੰ ਜਾ ਰਹੇ ਸੀ। ਇਸੇ ਦੌਰਾਨ ਨੈਸ਼ਨਲ ਹਾਈਵੇਅ ਉਪਰ ਗੁਰਦਾਸ ਨੰਗਲ ਕਲੋਨੀ ਮੋੜ ਨੇੜੇ ਸਾਹਮਣੇ ਤੋਂ ਫੋਰਡ ਕਾਰ ਨੰਬਰੀ ਪੀਬੀ-08 ਬੀਟੀ 3909 ਤੇਜ਼ ਰਫਤਾਰ ਗਲਤ ਸਾਈਡ ਤੋਂ ਲਾਪ੍ਰਵਾਹੀ ਨਾਲ ਚਲਾਉਂਦੇ ਆ ਰਹੇ ਬਲਕਾਰ ਸਿੰਘ ਵਾਸੀ ਨਵਾਂ ਪਿੰਡ ਗੁਰਦਾਸ ਨੰਗਲ ਨੇ ਕਾਰ ਲਿਆ ਕੇ ਮੋਟਰਸਾਇਕਲ ਵਿੱਚ ਮਾਰ ਦਿੱਤੀ। ਹਾਦਸੇ ’ਚ ਜ਼ਖ਼ਮੀ ਹੋਏ ਮਨਜੀਤ ਸਿੰਘ ਅਤੇ ਬਚਨ ਲਾਲ ਨੂੰ ਇਲਾਜ ਲਈ ਸਿਵਲ ਹਸਪਤਾਲ (ਬੱਬਰੀ) ਗੁਰਦਾਸਪੁਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਰਣਜੀਤ ਸਿੰਘ ਨੇ ਮ੍ਰਿਤਕ ਦੀ ਪੁੱਤਰੀ ਤਮੰਨਾ ਦੇਵੀ ਦੇ ਬਿਆਨਾਂ ਅਨੁਸਾਰ ਕਾਰ ਚਾਲਕ ਬਲਕਾਰ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
+
Advertisement
Advertisement
Advertisement
×