ਪੈਨਸ਼ਨਰਜ਼ ਫੈਡਰੇਸ਼ਨ ਦੇ ਸਾਂਝੇ ਮੋਰਚੇ ਵੱਲੋਂ ਐੱਸਡੀਐੱਮ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਪਠਾਨਕੋਟ, 30 ਜੂਨ
ਪੰਜਾਬ ਸਟੇਟ ਪੈਨਸ਼ਨਰਜ਼ ਫੈਡਰੇਸ਼ਨ ਦੇ ਸਾਂਝੇ ਮੋਰਚੇ ਵੱਲੋਂ ਕਨਵੀਨਰ ਨਰੇਸ਼ ਕੁਮਾਰ, ਮਾਸਟਰ ਰਾਮ ਦਾਸ ਤੇ ਇੰਜਨੀਅਰ ਹਰੀਸ਼ ਚੰਦਰ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਂ ਐੱਸਡੀਐੱਮ ਰਾਹੀਂ ਮੰਗਾਂ ਨੂੰ ਲੈ ਕੇ ਪੱਤਰ ਦਿੱਤਾ ਗਿਆ। ਪੱਤਰ ਰਾਹੀਂ ਮੰਗ ਕੀਤੀ ਗਈ ਕਿ ਪਹਿਲੀ ਜਨਵਰੀ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੂੰ 2.59 ਗੁਣਾਂਕ ਦਾ ਫਾਰਮੂਲਾ ਲਾਗੂ ਕੀਤਾ ਜਾਵੇ, 1 ਜੁਲਾਈ 2023, 1 ਜਨਵਰੀ 2024 ਅਤੇ 1 ਜਨਵਰੀ 2025 ਨੂੰ ਡੀਏ ਦਾ ਚਾਰ ਕਿਸ਼ਤ ਕੇਂਦਰ ਦੇ ਬਰਾਬਰ 55% ਦੇਣ ਅਤੇ 1 ਜੁਲਾਈ 2021 ਤੋਂ 30 ਜੂਨ 2025 ਤੱਕ 123 ਮਹੀਨਿਆਂ ਦੇ ਡੀਏ ਦੇ ਬਕਾਏ ਆਈਏਐੱਸ, ਪੀਸੀਐੱਸ ਅਤੇ ਨਿਆਂਇਕ ਅਧਿਕਾਰੀਆਂ ਦੇ ਬਰਾਬਰ ਦਿੱਤੇ ਜਾਣ ਅਤੇ 1 ਜਨਵਰੀ 2016 ਤੋਂ ਬਾਅਦ ਸੇਵਾਮੁਕਤ ਹੋਏ ਪੈਨਸ਼ਨਰਾਂ ਨੂੰ ਨਕਦ ਛੁੱਟੀ ਦੀ ਅਦਾਇਗੀ ਇੱਕ ਕਿਸ਼ਤ ਵਿੱਚ ਦਿੱਤੀ ਜਾਵੇ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਹੈ, ਜਿਸ ਕਾਰਨ ਪੈਨਸ਼ਨਰਾਂ ਨੂੰ ਬਹੁਤ ਵਿੱਤੀ ਨੁਕਸਾਨ ਹੋ ਰਿਹਾ ਹੈ। ਸਾਂਝੇ ਮੋਰਚੇ ਦੇ ਆਗੂਆਂ ਵਿੱਚ ਮਾਸਟਰ ਸਤ ਪ੍ਰਕਾਸ਼, ਡਾ. ਲੇਖ ਰਾਜ, ਚਮਨ ਗੁਪਤਾ, ਇੰਜੀ. ਸੰਜੀਵ ਬਜਾਜ, ਦਿਲਬਾਗ ਰਾਏ ਯੁੱਧਵੀਰ ਸੈਣੀ, ਪ੍ਰਿੰਸੀਪਲ ਕੇਵੀ ਚੋਪੜਾ, ਗੁਰਮੀਤ ਸਿੰਘ ਕੁਲਦੀਪ ਰਾਜ, ਵਜ਼ੀਰ ਚੰਦ, ਰਤਨ ਚੰਦ ਅਤੇ ਇੰਜੀ. ਆਰਐਸ ਰਾਣਾ ਵੀ ਹਾਜ਼ਰ ਸਨ।