ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 2 ਜੁਲਾਈ
ਯੂਨੀਵਰਸਿਟੀ ਨੇ ਕਾਮਨ ਐਂਟਰੈਂਸ ਟੈਸਟ (ਅੰਡਰ-ਗਰੈਜੂਏਟ) 2025 ਲਈ ਕਾਊਂਸਲਿੰਗ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਕਾਊਂਸਲਿੰਗ ਭਲਕੇ 3 ਤੋਂ 7 ਜੁਲਾਈ ਤੱਕ ਯੂਨੀਵਰਸਿਟੀ ਕੈਂਪਸ ਵਿੱਚ ਹੋਵੇਗੀ, ਜਿੱਥੇ ਵੱਖ-ਵੱਖ ਅੰਡਰਗਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲੇ ਦਿੱਤੇ ਜਾਣਗੇ। ਉਪ-ਕੁਲਪਤੀ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਸੈਸ਼ਨ 2025-26 ਲਈ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਦਾਖਲੇ ਲਈ ਦਿਲਚਸਪੀ ਦਿਖਾਈ ਹੈ। ਇਸ ਪ੍ਰਕਿਰਿਆ ਨੂੰ ਪੂਰੀ ਪਾਰਦਰਸ਼ਤਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਵੱਖ-ਵੱਖ ਕੋਰਸਾਂ ਵਿੱਚ ਹੁਣ ਤਕ ਕਈ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਹੈ। ਅਗਲੇ ਪੜਾਅ ਵਿੱਚ, ਟੈਸਟ ਦੇ ਆਧਾਰ ’ਤੇ ਤਿਆਰ ਕੀਤੀ ਗਈ ਮੈਰਿਟ ਸੂਚੀ ਅਨੁਸਾਰ 3 ਜੁਲਾਈ ਨੂੰ ਦਾਖਲਾ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਪ੍ਰਕਿਰਿਆ ਦੇ ਕੋ-ਆਰਡੀਨੇਟਰ ਡਾ. ਤੇਜਵੰਤ ਸਿੰਘ ਕੰਗ ਹਨ।
ਉਨ੍ਹਾਂ ਦੱਸਿਆ ਕਿ ਕਾਊਂਸਲਿੰਗ ਸੈਸ਼ਨ ਮਹਾਰਾਜਾ ਰਣਜੀਤ ਸਿੰਘ ਭਵਨ ਦੇ ਗਰਾਊਂਡ ਫਲੋਰ ਸਥਿਤ ਕਾਨਫਰੰਸ ਹਾਲ ਵਿੱਚ ਹੋਣਗੇ। ਸ਼ਡਿਊਲ ਮੈਰਿਟ ਰੈਂਕ ਦੇ ਆਧਾਰ ’ਤੇ ਬਣਾਇਆ ਗਿਆ ਹੈ ਅਤੇ ਇਸ ਨੂੰ ਜਨਰਲ ਤੇ ਰਿਜ਼ਰਵਡ ਕੈਟਾਗਿਰੀਆਂ ਵਿੱਚ ਵੰਡਿਆ ਗਿਆ ਹੈ। ਮਿਤੀ 3 ਅਤੇ 4 ਜੁਲਾਈ ਨੂੰ ਜਨਰਲ ਕੈਟਾਗਿਰੀ ਦੇ ਉਮੀਦਵਾਰ (ਰੈਂਕ 1 ਤੋਂ 917) ਨੂੰ ਸਵੇਰੇ 8:00 ਵਜੇ ਤੋਂ ਸ਼ੁਰੂ ਹੋਣ ਵਾਲੇ ਵੱਖ-ਵੱਖ ਸਮੇਂ ਦੇ ਸਲਾਟ ਵਿੱਚ ਬੁਲਾਇਆ ਗਿਆ ਹੈ। ਮਿਤੀ 5 ਜੁਲਾਈ ਨੂੰ ਵੀ ਰੈਂਕ 917 ਤੱਕ ਦੀ ਕਾਊਂਸਲਿੰਗ ਜਾਰੀ ਰਹੇਗੀ। ਇਸੇ ਤਰ੍ਹਾਂ ਮਿਤੀ 6 ਜੁਲਾਈ ਨੂੰ ਸ਼ੈਡਿਊਲਡ ਕਾਸਟ (ਐੱਸ.ਸੀ.) ਕੈਟਾਗਿਰੀ ਦੇ ਉਮੀਦਵਾਰਾਂ (ਰੈਂਕ 11 ਤੋਂ 2283) ਦੀ ਕਾਊਂਸਲਿੰਗ ਦਿਨ ਭਰ ਚਾਰ ਸੈਸ਼ਨਾਂ ਵਿੱਚ ਹੋਵੇਗੀ। ਇਸ ਤੋਂ ਇਲਾਵਾ ਮਿਤੀ 7 ਜੁਲਾਈ ਨੂੰ ਬੈਕਵਰਡ ਕਲਾਸ (ਬੀ.ਸੀ.) ਕੈਟਾਗਿਰੀ ਦੇ ਉਮੀਦਵਾਰਾਂ (ਰੈਂਕ 4 ਤੋਂ 2182) ਦੀ ਕਾਊਂਸਲਿੰਗ ਹੋਵੇਗੀ। ਇਸੇ ਦਿਨ ਸ਼ਾਮ 4.30 ਵਜੇ ਸਾਰੀਆਂ ਹੋਰ ਰਿਜ਼ਰਵਡ ਕੈਟਾਗਿਰੀਆਂ ਦੀ ਕਾਊਂਸਲਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਨਰਲ ਕੈਟਾਗਿਰੀ ਦੀ ਵੇਟਿੰਗ ਲਿਸਟ ਅਤੇ ਰੈਂਕ 956 ਤੋਂ ਅੱਗੇ ਵਾਲੇ ਉਮੀਦਵਾਰਾਂ ਦੀ ਕਾਊਂਸਲਿੰਗ ਸੀਟਾਂ ਦੀ ਉਪਲਬਧਤਾ ’ਤੇ ਨਜ਼ਰ ਮਾਰਦਿਆਂ 5 ਜੁਲਾਈ ਨੂੰ ਸ਼ਾਮ 7:00 ਵਜੇ ਐਲਾਨੀ ਜਾਵੇਗੀ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਨਿਰਧਾਰਤ ਸਮੇਂ ’ਤੇ ਪਹੁੰਚਣ ਅਤੇ ਵੈਰੀਫਿਕੇਸ਼ਨ ਲਈ ਸਾਰੇ ਜ਼ਰੂਰੀ ਦਸਤਾਵੇਜ਼ ਨਾਲ ਲਿਆਉਣ।