ਗੁਰਦੁਆਰਾ ਬਾਉਲੀ ਸਾਹਿਬ ਨੂੰ ਬਣਾਇਆ ਜਾਵੇਗਾ ਹਰਿਆ-ਭਰਿਆ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 5 ਜੁਲਾਈ
ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਦੇ ਕੰਪਲੈਕਸ ਨੂੰ ਹਰਿਆ-ਭਰਿਆ ਬਣਾਉਣ ਲਈ ਬਾਬਾ ਗੁਰਪ੍ਰੀਤ ਸਿੰਘ ਅਤੇ ਬਾਬਾ ਘੋਲਾ ਸਿੰਘ ਸੰਪਰਦਾਇ ਸਰਹਾਲੀ ਸਾਹਿਬ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਦਵਿੰਦਰ ਸਿੰਘ ਸੋਨੂੰ ਵੱਲੋਂ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਗੁਰਾ ਸਿੰਘ ਮਾਨ ਤੇ ਐਡੀਸ਼ਨਲ ਮੈਨੇਜਰ ਨਿਰਮਲ ਸਿੰਘ ਕਾਹਲਵਾਂ ਦੇ ਸਹਿਯੋਗ ਨਾਲ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਬੂਟੇ ਲਾਉਣ ਦੀ ਸ਼ੁਰੂਆਤ ਕਰਨ ਸਮੇਂ ਹੈੱਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਵੱਲੋਂ ਅਰਦਾਸ ਕੀਤੀ ਗਈ।
ਇਸ ਮੌਕੇ ਮੈਨੇਜਰ ਗੁਰਾ ਸਿੰਘ ਮਾਨ ਤੇ ਐਡੀਸ਼ਨਲ ਮੈਨੇਜਰ ਨਿਰਮਲ ਸਿੰਘ ਕਾਹਲਵਾਂ ਨੇ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਰੱਖਦਿਆ ਸੰਗਤ ਦੀ ਸਹੂਲਤ ਲਈ ਸਮੁੱਚੇ ਗੁਰਦੁਆਰਾ ਕੰਪਲੈਕਸ ਵਿੱਚ ਕਰੀਬ ਦੋ ਦਰਜਨ ਦੇ ਕਰੀਬ ਫਲਦਾਰ, ਸਜਾਵਟੀ ਤੇ ਛਾਂਦਾਰ ਦਰੱਖਤਾਂ ਦੇ ਬੂਟੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਛਾਂਦਾਰ ਦਰੱਖ਼ਤ ਲੱਗਣ ਨਾਲ ਧੁੱਪ ਦੇ ਦਿਨਾਂ ਵਿੱਚ ਸੰਗਤ ਨੂੰ ਕਾਫੀ ਸਹੂਲਤ ਮਿਲੇਗੀ। ਇਸ ਮੌਕੇ ਖਜ਼ਾਨਚੀ ਪਰਮਜੀਤ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਸ਼ਪਾਲ ਸਿੰਘ ਬਿਹਾਰੀਪੁਰ, ਹੀਰਾ ਸਿੰਘ, ਜੈਮਲ ਸਿੰਘ, ਸਤਨਾਮ ਸਿੰਘ, ਸਤਬੀਰ ਸਿੰਘ ਆਦਿ ਤੋਂ ਇਲਾਵਾ ਸੰਗਤ ਹਾਜ਼ਰ ਸੀ।