ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਛਿਡਣ ਟੌਲ ਪਲਾਜ਼ਾ ’ਤੇ ਧਰਨਾ
ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਅਟਾਰੀ ਨੇੜੇ ਟੌਲ ਪਲਾਜ਼ਾ ਛਿੱਡਣ ਵਿੱਚ ਧਰਨਾ ਦਿੱਤਾ ਗਿਆ ਹੈ। ਅੱਜ ਧਰਨੇ ਦਾ ਦੂਜਾ ਦਿਨ ਸੀ। ਧਰਨਾਕਾਰੀਆ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਹੱਦੀ ਖੇਤਰ ਦੇ ਲਗਪਗ 20 ਪਿੰਡਾਂ ਦੇ ਲੋਕਾਂ ਨੂੰ ਇਥੇ ਟੌਲ ਪਲਾਜ਼ਾ ਤੋਂ ਮੁਫਤ ਲਾਂਘੇ ਦੀ ਸਹੂਲਤ ਦਿੱਤੀ ਜਾਵੇ। ਸਥਾਨਕ ਲੋਕਾਂ ਦੇ ਆਗੂਆਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਲਾਂਘੇ ਦੀ ਮੁਫਤ ਸਹੂਲਤ ਨਾ ਦਿੱਤੇ ਜਾਣ ਦੀ ਨਿਖੇਧੀ ਕਰਦਿਆਂ ਮੰਗਾਂ ਨਾ ਮੰਨੇ ਜਾਣ ਤੱਕ ਧਾਰੀ ਧਰਨਾ ਜਾਰੀ ਰੱਖਣ ਦਾ ਅਹਿਦ ਲਿਆ। ਅੱਜ ਰੋਸ ਧਰਨੇ ਨੂੰ ਜਮਹੂਰੀ ਕਿਸਾਨ ਸਭਾ ਅਤੇ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਮੋਰਚੇ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਟੌਲ ਫਰੀ ਦੀ ਸਹੂਲਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਜਿਸ ਨੂੰ ਹੁਣ ਪਲਾਜ਼ਾ ਦੇ ਪ੍ਰਬੰਧਕਾਂ ਵੱਲੋਂ ਨਜ਼ਰਅੰਦਾਜ਼ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਅੱਜ ਦੇ ਇਸ ਰੋਸ ਧਰਨੇ ਨੂੰ ਬਾਬਾ ਅਰਜਨ ਸਿੰਘ, ਨਿਰਮਲ ਸਿੰਘ ਮੋਦੇ, ਬਲਦੇਵ ਸਿੰਘ ਧਾਰੀਵਾਲ, ਰਜਿੰਦਰ ਸਿੰਘ ਲਹੌਰੀ ਮਲ, ਬਲਵਿੰਦਰ ਝਬਾਲ ਸੰਤੋਖ ਸਿੰਘ ਬੱਚੀ ਵਿੰਡ ਸੁਖ ਲਹੌਰੀ ਮੱਲ, ਬੂਟਾ ਸਿੰਘ ਮੋਧੇ ,ਮੁਖਤਾਰ ਸਿੰਘ ਮਹਾਵਾ ,ਯੋਧਵੀਰ ਅਟਾਰੀ, ਬੂਟਾ ਸਿੰਘ ਰੋੜਾਵਾਲਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਟੌਲ ਮੁਫਤ ਕਰਨ ਵਾਸਤੇ ਸੰਘਰਸ਼ ਜਾਰੀ ਰੱਖਿਆ ਜਾਵੇਗਾ।ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਟੌਲ ਪਲਾਜ਼ਾ ਦੇ ਪ੍ਰਬੰਧਕਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ।