ਚਾਰ ਦਿਨਾਂ ਬਾਅਦ ਵੀ ਆਰਜ਼ੀ ਦੁਕਾਨਾਂ ਦੀ ਬੋਲੀ ਦਾ ਮਸਲਾ ਹੱਲ ਨਾ ਹੋਇਆ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 30 ਜੂਨ
ਗੁਰਦੁਆਰਾ ਬਾਉਲੀ ਸਾਹਿਬ ਦੀ ਪਾਰਕਿੰਗ ਵਿੱਚ ਸਥਿਤ ਆਰਜ਼ੀ ਦੁਕਾਨਾਂ ਦੀ ਬੋਲੀ ਦਾ ਮਾਮਲਾ ਚਾਰ ਦਿਨ ਬਾਅਦ ਵੀ ਹੱਲ ਨਹੀਂ ਹੋਇਆ। ਆਰਜ਼ੀ ਦੁਕਾਨਾਂ ਦੀ ਬੋਲੀ ਦਾ ਵਿਰੋਧ ਕਰ ਰਹੇ ਪਿੰਡ ਦੇ ਸਰਪੰਚ ਨਿਰਮਲ ਸਿੰਘ ਢੋਟੀ ਅਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਲਾਹੌਰੀਆ ਤੋਂ ਇਲਾਵਾ ਇਲਾਕੇ ਦੀਆਂ ਵੱਖ ਵੱਖ ਸਿਆਸੀ ਧਿਰਾਂ ਨਾਲ ਜੁੜੇ ਨੁਮਾਇੰਦਿਆਂ ਵੱਲੋਂ ਐੱਸਜੀਪੀਸੀ ਅਧਿਕਾਰੀਆਂ ਨਾਲ ਇਸ ਮਸਲੇ ਸਬੰਧੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਚਾਰ ਦਿਨਾਂ ਤੋਂ ਐੱਸਜੀਪੀਸੀ ਅਤੇ ਪਿੰਡ ਵਾਸੀਆਂ ਦਰਮਿਆਨ ਗਰਮਾਏ ਇਸ ਮੁੱਦੇ ਨੂੰ ਲੈ ਕੇ ਅਜੇ ਤੱਕ ਕੋਈ ਸਹਿਮਤੀ ਬਣਦੀ ਦਿਖਾਈ ਨਹੀਂ ਦੇ ਰਹੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਕੁਝ ਆਗੂ ਸਿਆਸੀ ਲਾਹਾ ਲੈਣ ਲਈ ਕਥਿਤ ਤੌਰ ’ਤੇ ਅੰਦਰਖਾਤੇ ਐੱਸਜੀਪੀਸੀ ’ਤੇ ਆਪਣਾ ਦਬਾਅ ਬਣਾ ਰਹੇ ਹਨ। ਉੱਧਰ ਇਸ ਮਾਮਲੇ ਬਾਬਤ ਪਿੰਡ ਦੇ ਸਰਪੰਚ ਨਿਰਮਲ ਸਿੰਘ ਢੋਟੀ ਨੇ ਆਖਿਆ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਰਜ਼ੀ ਦੁਕਾਨਾਂ ਲਾਉਣ ਵਾਲਿਆ ਦੇ ਹੱਕ ਵਿੱਚ ਖੜ੍ਹੇ ਹਨ ਕਿਉਂਕਿ ਇਹ 15 ਪਰਿਵਾਰਾਂ ਦੀ ਰੋਜ਼ੀ-ਰੋਟੀ ਨਾਲ ਜੁੜਿਆ ਹੋਇਆ ਗੰਭੀਰ ਮਾਮਲਾ ਹੈ। ਉਨ੍ਹਾਂ ਆਖਿਆ ਕਿ ਜੇਕਰ ਐੱਸਜੀਪੀਸੀ ਆਪਣੀ ਜਿੱਦ ਪੁਗਾਉਣ ਲਈ ਇਨ੍ਹਾਂ ਆਰਜ਼ੀ ਦੁਕਾਨਾਂ ਦੀ ਬੋਲੀ ਕਰਵਾਉਂਦੀ ਹੈ ਤਾਂ ਦੁਕਾਨਦਾਰਾਂ ’ਤੇ ਆਰਥਿਕ ਬੋਝ ਪਵੇਗਾ। ਸਰਪੰਚ ਨਿਰਮਲ ਸਿੰਘ ਢੋਟੀ, ਫਤਿਹ ਸਿੰਘ ਬਾਠ,ਹਰਪਿੰਦਰ ਸਿੰਘ ਗਿੱਲ, ਨਿਸ਼ਾਨ ਸਿੰਘ ਢੋਟੀ ਤੇ ਦਿਲਬਾਗ ਸਿੰਘ ਤੁੜ ਨੇ ਆਖਿਆ,‘ਅਸੀਂ ਐੱਸਜੀਪੀਸੀ ਦਾ ਸਨਮਾਨ ਕਰਦੇ ਹਾਂ ਪਰ ਗਰੀਬ ਪਰਿਵਾਰਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵਾਂਗੇ।’ ਉਨ੍ਹਾਂ ਮਾਮਲੇ ਦੇ ਹੱਲ ਲਈ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਦਖਲ ਦੇਣ ਦੀ ਮੰਗ ਕਰਦਿਆਂ ਆਰਜ਼ੀ ਦੁਕਾਨਾਂ ਦੀ ਬੋਲੀ ਨਾ ਕਰਨ ਅਤੇ ਦੁਕਾਨਾਂ ਦੀ ਮਹੀਨਾਵਾਰ ਪਰਚੀ ਕੱਟਣ ਦੀ ਮੰਗ ਕੀਤੀ ਹੈ।
ਅਗਲੇ ਫ਼ੈਸਲੇ ਤੱਕ ਦੁਕਾਨਾਂ ਬੰਦ ਰਹਿਣਗੀਆਂ: ਮੈਨੇਜਰ
ਆਰਜ਼ੀ ਦੁਕਾਨਾਂ ਦੀ ਬੋਲੀ ਸਬੰਧੀ ਮੈਨੇਜਰ ਗੁਰਾ ਸਿੰਘ ਮਾਨ ਨੇ ਆਖਿਆ ਕਿ ਫਿਲਹਾਲ ਬੋਲੀ ਮੁਲਤਵੀ ਕੀਤੀ ਗਈ ਹੈ। ਪੰਚਾਇਤ ਦੀ ਮੰਗ ਨੂੰ ਕਮੇਟੀ ਮੈਂਬਰਾਂ ਵੱਲੋਂ ਸਕੱਤਰ ਤੱਕ ਪੁੱਜਦਾ ਕੀਤਾ ਗਿਆ ਹੈ। ਇਸ ਸਬੰਧੀ ਅਗਜੈਕੇਟਿਵ ਦੀ ਮੀਟਿੰਗ ਦੌਰਾਨ ਮੰਗ ਵਿਚਾਰੀ ਜਾ ਰਹੀ ਹੈ। ਅਗਲੇ ਫੈਸਲੇ ਤੱਕ ਦੁਕਾਨਾਂ ਬੰਦ ਰਹਿਣਗੀਆਂ।