ਨਿੱਜੀ ਪੱਤਰ ਪ੍ਰੇਰਕ
ਬਟਾਲਾ, 23 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬਟਾਲਾ ਹਲਕੇ ਤੋਂ ਇੰਚਾਰਜ ਸੁੱਚਾ ਸਿੰਘ ਛੋਟੇਪੁਰ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸ੍ਰੀ ਛੋਟੇਪੁਰ ਨੇ ਪ੍ਰਧਾਨ ਧਾਮੀ ਨੂੰ ਦੱਸਿਆ ਕਿ ਮੌਜੂਦਾ ਸਿਆਸੀ ਮਾਹੌਲ ਵਿੱਚ ਇਮਾਨਦਾਰੀ ਅਤੇ ਪੰਜਾਬ ਦੇ ਹਿੱਤਾਂ ਲਈ ਸੁਹਿਰਦ ਹੋ ਕੇ ਕੰਮ ਕਰਨ ਵਾਲੀ ਧਿਰ ਹੀ ਸਫ਼ਲ ਹੋ ਸਕਦੀ ਹੈ। ਉਨ੍ਹਾਂ ਸਿੱਖ ਕੌਮ ਦੇ ਧਾਰਮਕ ਅਤੇ ਰਾਜਸੀ ਮਸਲਿਆਂ ’ਤੇ ਜਿੱਥੇ ਵਿਚਾਰਾਂ ਕੀਤੀਆਂ, ਉੱਥੇ ਸਿੱਖ ਕੌਮ ਨੂੰ ਢਾਹ ਲਗਾ ਰਹੀਆਂ ਸ਼ਕਤੀਆਂ ਦੇ ਟਾਕਰੇ ਲਈ ਰਣਨੀਤੀ ਤਿਆਰ ਕਰਨ ਲਈ ਕਿਹਾ। ਉਨ੍ਹਾਂ ਪ੍ਰਧਾਨ ਧਾਮੀ ਨੂੰ ਧਾਰਮਕ ਤੌਰ ’ਤੇ ਸੁਧਾਰ ਲਿਆਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ’ਤੇ ਸ੍ਰੀ ਛੋਟੇਪੁਰ ਨੇ ਪ੍ਰਧਾਨ ਧਾਮੀ ਦਾ ਸਨਮਾਨ ਕੀਤਾ।
ਇਸ ਮੌਕੇ ਯੂਥ ਅਕਾਲੀ ਆਗੂ ਸਮਸ਼ੇਰ ਸਿੰਘ, ਬਲਦੇਵ ਸਿੰਘ ਪਾਰਸ, ਅਮਨਦੀਪ ਸਿੰਘ ਸਣੇ ਹੋਰ ਹਾਜ਼ਰ ਸਨ। ਇਸ ਤੋਂ ਪਹਿਲਾਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਕੰਧ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਮੱਥਾ ਟੇਕਿਆ।