ਪਾਬੰਦੀ ਦੇ ਬਾਵਜੂਦ ਬੱਚਿਆਂ ਤੋਂ ਮੰਗਵਾਈ ਜਾ ਰਹੀ ਹੈ ਭੀਖ
ਗੁਰਿੰਦਰ ਸਿੰਘ
ਲੁਧਿਆਣਾ, 13 ਜੁਲਾਈ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੀਖ ਮੰਗਣ ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਲੁਧਿਆਣਾ ਵਿੱਚ ਵੱਖ ਵੱਖ ਥਾਵਾਂ ’ਤੇ ਬੱਖਿਆਂ ਤੋਂ ਭੀਖ ਮੰਗਵਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਥਾਵਾਂ ’ਤੇ ਵੱਡੀ ਗਿਣਤੀ ਮੰਗਤੇ ਟਰੈਫਿਕ ਲਾਈਟਾਂ ਜਾਂ ਬਾਜ਼ਾਰਾਂ ਵਿੱਚ ਭੀਖ ਮੰਗਦੇ ਦਿਖਾਈ ਦਿੰਦੇ ਹਨ। ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰਾਂ ਘੁਮਾਰ ਮੰਡੀ, ਚੌੜਾ ਬਾਜ਼ਾਰ, ਸਰਾਭਾ ਨਗਰ, ਫੀਲਡ ਗੰਜ, ਜਨਕਪੁਰੀ, ਕੇਸਰ ਗੰਜ ਅਤੇ ਹੈਬੋਵਾਲ ਵਿੱਚ ਅਕਸਰ ਭਿਖਾਰੀ ਦੇਖੇ ਜਾ ਸਕਦੇ ਹਨ ਜੋ ਲੋਕਾਂ ਕੋਲੋਂ ਜ਼ਬਰਦਸਤੀ ਭੀਖ ਮੰਗਦੇ ਹਨ।
ਇਸ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਲਾਈਟਾਂ ਵਾਲੇ ਚੌਕਾਂ ਹੋਟਲ ਪਾਰਕ ਪਲਾਜਾ ਚੌਕ, ਹੀਰੋ ਬੇਕਰੀ ਚੌਕ, ਫੁੱਲਾਂਵਾਲ ਚੌਕ, ਭਾਈ ਰਣਧੀਰ ਸਿੰਘ ਨਗਰ, ਵਾਸੀ ਫਿਰੋਜਪੁਰ ਰੋਡ, ਦੁਰਗਾ ਮਾਤਾ ਮੰਦਰ ਚੌਕ ਜਗਰਾਉਂ ਪੁਲ, ਸਬਜ਼ੀ ਮੰਡੀ ਚੌਕ ਅਤੇ ਹੈਬੋਵਾਲ ਵਿੱਚ ਭਿਖਾਰੀਆਂ ਤੋਂ ਇਲਾਵਾ ਕਿੰਨਰ ਵੀ ਭੀਖ ਮੰਗਦੇ ਹਨ।
ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕਈ ਵਾਰ ਕਾਰਵਾਈ ਕੀਤੀ ਗਈ ਹੈ ਪਰ ਥੋੜੇ ਚਿਰ ਮਗਰੋਂ ਮੁੜ ਸਥਿਤੀ ਜਿਉਂ ਦੀ ਤਿਉਂ ਹੋ ਜਾਂਦੀ ਹੈ।
ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬਾਲ ਭਿੱਖਿਆ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਤਹਿਤ ਪ੍ਰਾਜੈਕਟ ‘ਜੀਵਨਜੋਤ ਬਚਪਨ ਬਚਾਓ’ ਅਧੀਨ ਕਾਰਵਾਈ ਕਰਦਿਆਂ 17 ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਉਨ੍ਹਾਂ ਦੀ ਕਾਉਂਸਲਿੰਗ ਕੀਤੀ ਗਈ।
ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਸ਼ਮੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਨਿਰਦੇਸ਼ਾਂ ਤਹਿਤ ਬਾਲ ਭਿੱਖਿਆ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਵੱਖ-ਵੱਖ ਇਲਾਕਿਆਂ ਵਿੱਚ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਿਆ ਗਿਆ ਹੈ ਅਤੇ 17 ਬੱਚਿਆਂ ਨੂੰ ਦਫ਼ਤਰ ਬਾਲ ਭਲਾਈ ਕਮੇਟੀ ਲਿਆ ਕੇ ਉਨ੍ਹਾਂ ਨੂੰ ਸਮਝਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਦੁਕਾਨਦਾਰਾਂ ਨੂੰ ਛੋਟੇ ਬੱਚਿਆਂ ਨੂੰ ਭੀਖ ਨਾ ਦੇਣ ਅਤੇ ਬੱਚਿਆਂ ਨੂੰ ਭੀਖ ਦੇਣ ਦੀ ਬਜਾਏ ਉਨ੍ਹਾਂ ਨੂੰ ਸਿੱਖਿਆ ਨਾਲ ਜੋੜਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਆਮ ਲੋਕਾਂ ਨੂੰ ਇਹ ਵੀ ਸਪੱਸ਼ਟ ਕੀਤਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣਾ ਕਾਨੂੰਨੀ ਤੌਰ ’ਤੇ ਅਪਰਾਧ ਹੈ।