ਦਲ ਖਾਲਸਾ ਵੱਲੋਂ ਘੱਲੂਘਾਰਾ ਯਾਦਗਾਰੀ ਮਾਰਚ 5 ਨੂੰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਮਈ
ਦਲ ਖਾਲਸਾ ਨੇ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਦੇ 41 ਸਾਲ ਪੂਰੇ ਹੋਣ ’ਤੇ 5 ਜੂਨ ਦੀ ਸ਼ਾਮ ਨੂੰ ਅੰਮ੍ਰਿਤਸਰ ਵਿੱਚ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਜਾਵੇਗਾ ਅਤੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੈ।
ਜਥੇਬੰਦੀ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ, ਕੰਵਰਪਾਲ ਸਿੰਘ ਤੇ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਸਿੱਖ ਧਰਮ ਉੱਤੇ ਹੋਏ ਭਾਰਤੀ ਫੌਜੀ ਹਮਲੇ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ 6 ਜੂਨ ਨੂੰ ਫੌਜੀ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ੇ ਲੋਕਾਂ ਦੇ ਕਤਲੇਆਮ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਲੁੱਟੇ ਵੱਡਮੁੱਲੇ ਖਜ਼ਾਨੇ ਦੇ ਵਿਰੋਧ ਵਿੱਚ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਤੋਂ ਬੰਦ ਲਈ ਸਹਿਯੋਗ ਮੰਗਦਿਆਂ ਕਿਹਾ ਕਿ ਉਹ ਇੱਕ ਦਿਨ ਲਈ ਆਪਣੇ ਕਾਰੋਬਾਰ ਬੰਦ ਰੱਖ ਕੇ ਉਸ ਪੀੜ ਨਾਲ ਸਾਂਝ ਪਾਉਣ ਜਿਸ ਵਿੱਚੋਂ ਸਿੱਖ ਪੰਥ ਪਿਛਲੇ ਚਾਰ ਦਹਾਕਿਆਂ ਤੋˆ ਲੰਘ ਰਿਹਾ ਹੈ। ਉਨ੍ਹਾਂ ਦੱਸਿਆ ਕਿ 5 ਜੂਨ ਦੀ ਸ਼ਾਮ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਤੋ ਆਰੰਭ ਹੋਂ ਕੇ ਬੱਸ ਸਟੈਂਡ, ਰਾਮ ਬਾਗ, ਹਾਲ ਬਾਜ਼ਾਰ ਰਾਹੀਂ ਹੁੰਦਾ ਹੋਇਆ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ, ਜਿੱਥੇ ਜੂਨ 84 ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਜਾਵੇਗਾ।