ਪੱਤਰ ਪ੍ਰੇਰਕ
ਤਰਨ ਤਾਰਨ, 30 ਜੂਨ
ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ ਵੱਲੋਂ ਅੱਜ ਸਰਹੱਦੀ ਖੇਤਰ ਦੇ ਪਿੰਡ ਰਾਜੋਕੇ (ਪੱਟੀ) ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਸਮਾਗਮ ਕੀਤਾ ਗਿਆ| ਸਮਾਗਮ ਵਿੱਚ ਐੱਨਸੀਸੀ ਕੈਡੇਟਾਂ, ਪਿੰਡ ਵਾਸੀਆਂ ਅਤੇ ਐੱਨਸੀਸੀ ਬਟਾਲੀਅਨ ਦੇ ਏਐਨਓ, ਇੰਸਟ੍ਰੱਕਟਰਾਂ ਅਤੇ ਪ੍ਰਸ਼ਾਸਨਿਕ ਸਟਾਫ਼ ਨੇ ਹਿੱਸਾ ਲਿਆ। ਪਿੰਡ ਵਿੱਚ ਨਸ਼ਾ ਵਿਰੋਧੀ ਰੈਲੀ ਕੱਢੀ ਗਈ ਜਿਸ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ। ਇਸ ਦੌਰਾਨ ਲੋਕਾਂ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਵਾਲੀਬਾਲ ਅਤੇ ਰੱਸਾਕਸ਼ੀ ਆਦਿ ਦੇ ਖੇਡ ਮੁਕਾਬਲੇ ਕਰਵਾਏ ਗਏ। ਕਮਾਂਡਿੰਗ ਅਫ਼ਸਰ ਕਰਨਲ ਸੁਨੀਤ ਕੋਤਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਮਨੁੱਖ ਨੂੰ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ| ਇਸ ਮੌਕੇ ਡਾ. ਅਮਰਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਲੋਕਾਂ ਨੂੰ ਯੋਗਾ ਅਭਿਆਸ ਕਰਨ, ਬੂਟੇ ਲਗਾਉਣ ਆਦਿ ਦੀ ਪ੍ਰੇਰਨਾ ਦਿੱਤੀ| ਐੱਨਸੀਸੀ ਦੀ ਮੈਡੀਕਲ ਟੀਮ ਨੇ ਲੋੜਵੰਦਾਂ ਨੂੰ ਸ਼ੂਗਰ, ਬੀਪੀ, ਬੁਖਾਰ, ਜੋੜਾਂ ਦੇ ਦਰਦ ਆਦਿ ਲਈ ਦਵਾਈ ਦਿੱਤੀ।