ਅਭਿਲਾਸ਼ੀ ਬਲਾਕ ਪ੍ਰੋਗਰਾਮ: ਨੀਤੀ ਆਯੋਗ ਨੇ ਬਲਾਕ ਹਰਸ਼ਾ ਛੀਨਾ ਨੂੰ 3 ਕਰੋੜ ਦੀ ਇਨਾਮ ਰਾਸ਼ੀ ਦਿੱਤੀ
ਟ੍ਰਿਬਿਉੂਨ ਨਿਉੂਜ਼ ਸਰਵਿਸਅੰਮ੍ਰਿਤਸਰ, 3 ਜੁਲਾਈ
ਨੀਤੀ ਆਯੋਗ ਵੱਲੋਂ ਜ਼ਿਲ੍ਹੇ ਦੇ ਬਲਾਕ ਹਰਸ਼ਾ ਛੀਨਾ ਨੂੰ ਡੈਲਟਾ ਰੈਂਕ ਦਸੰਬਰ, 2023 ਅਧੀਨ ਪੂਰੇ ਦੇਸ਼ ਵਿੱਚੋਂ ਇਕ ਨੰਬਰ ਸਥਾਨ ਉੱਤੇ ਆਉਣ ਕਰਕੇ 3 ਕਰੋੜ ਰੁਪਏ ਦੀ ਇਨਾਮ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਰਾਸ਼ੀ ਤਹਿਤ ਬਲਾਕ ਹਰਸ਼ਾ ਛੀਨਾ ਦੇ ਪਿੰਡ ਜਗਦੇਵ ਕਲਾਂ ਨੂੰ ਸੋਲਰ ਪ੍ਰਣਾਲੀ ਅਤੇ ਸਿਹਤ ਕੇਂਦਰਾਂ ਦਾ ਵਿਸਥਾਰ ਤੇ ਮਾਡਲ ਆਂਗਨਵਾੜੀ ਕੇਂਦਰਾਂ ਦਾ ਨਿਰਮਾਣ ਕਰਨਾ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜ਼ਿਲ੍ਹੇ ਨੂੰ ਅਭਿਲਾਸ਼ੀ ਪ੍ਰੋਰਗਾਮ ਤਹਿਤ ਪੂਰੇ ਦੇਸ਼ ਵਿੱਚੋਂ ਪਹਿਲੇ ਸਥਾਨ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪੇਡਾ ਦੀ ਮਦਦ ਨਾਲ ਪਿੰਡ ਜਗਦੇਵ ਕਲਾਂ ਵਿੱਚ 550 ਕੇਵੀ ਦਾ ਸੋਲਰ ਗਰਿੱਡ ਸਥਾਪਤ ਕੀਤਾ ਜਾਵੇਗਾ, ਜਿਸ ਨਾਲ ਸਰਕਾਰੀ ਮਿਡਲ ਸਕੂਲ ਲੜਕੀਆਂ, ਸਿਹਤ ਕੇਂਦਰ ਅਤੇ ਪੰਚਾਇਤ ਘਰ ਨੂੰ ਇਕ ਇਕ ਕਿਲੋਵਾਟ ਦੇ 3 ਸੋਲਰ ਪਲਾਂਟ ਲਗਾਏ ਜਾਣਗੇ, ਜਿਸ ਨਾਲ ਸੋਲਰ ਊਰਜਾ ਰਾਹੀਂ ਬਿਜਲੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਲਾਕ ਹਰਸ਼ਾ ਛੀਨਾ ਵਿਖੇ ਸਿਹਤ ਕੇਂਦਰ ਨੂੰ ਨਵਾਂ ਸਾਜੋ ਸਮਾਨ, ਅਦਲੀਵਾਲ ਕੇਂਦਰ ਦੀ ਮੁਰੰਮਤ, ਸਟਰੈਚਰ, ਰੈਫਰਿਜਰੇਟਰ, ਪੋਰਟਲ ਜੈਨਰੇਟਰ, ਮਰੀਜ਼ ਨਰੀਖਣ ਸਕਰੀਨ ਆਦਿ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।
ਇਸ ਤੋਂ ਇਲਾਵਾ ਈਸਾਪੁਰ ਕੇਂਦਰ ਵਿਖੇ ਪਾਣੀ ਲਈ ਨਵਾਂ ਬੋਰ ਵੀ ਕਰਵਾਇਆ ਜਾਣਾ ਹੈ। ਬਲਾਕ ਹਰਸ਼ਾ ਛੀਨਾ ਵਿਖੇ 10 ਮਾਡਲ ਆਂਗਨਵਾੜੀ ਕੇਂਦਰ ਬਣਾਏ ਜਾਣਗੇ, ਜਿੰਨਾਂ ਵਿੱਚ ਨਵਾਂ ਫਰਨੀਚਰ, ਅਲਮਾਰੀਆਂ, ਸਮਾਰਟ ਟੀ:ਵੀ, ਭਾਰ ਤੋਲਣ ਵਾਲੀ ਮਸ਼ੀਨ, ਬੱਚਿਆਂ ਲਈ ਖਿਡੌਣੇ ਅਤੇ ਬਰਤਨ, ਨਵੀਂ ਰਸੋਈ ਦੀ ਉਸਾਰੀ, 20X15 ਫੁੱਟ ਦਾ ਨਵਾਂ ਚਿਤਰਕਾਰੀ ਕਮਰਾ ਬਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ ਦੀ ਅਗਵਾਈ ਹੇਠ ਅਭਿਲਾਸ਼ੀ ਬਲਾਕ ਫੈਲੋ ਮੈਡਮ ਨਵਨੀਤ ਅਤੇ ਸ਼ਿਫਾਲੀ ਸ਼ਰਮਾ ਨੇ ਇਸ ਕੰਮ ਲਈ ਮਿਹਨਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਬਦੌਲਤ ਹੀ ਬਲਾਕ ਹਰਸ਼ਾ ਛੀਨਾ ਨੂੰ ਇਨਾਮ ਰਾਸ਼ੀ ਪ੍ਰਾਪਤ ਹੋਈ ਹੈ।