‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
ਪੱਤਰ ਪ੍ਰੇਰਕ
ਪਠਾਨਕੋਟ, 12 ਜੁਲਾਈ
ਅੱਜ ਸ਼ਾਮ ਨੂੰ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਵਿੱਚ ਇਥੇ ਬਾਲਮੀਕਿ ਚੌਕ ਵਿੱਚ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ‘ਆਪ’ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਤੇ ਅਮਿਤ ਮੰਟੂ ਅਤੇ ਹੋਰ ਆਗੂ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖਤੀਆਂ ਫੜ ਰੱਖੀਆਂ ਸਨ। ਜਿਨ੍ਹਾਂ ਉਪਰ ‘ਭਾਜਪਾ ਗੈਂਗਸਟਰਾਂ ਨਾਲ, ‘ਆਪ’ ਵਪਾਰੀਆਂ ਨਾਲ’ ਲਿਖਿਆ ਹੋਇਆ ਸੀ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਅਤੇ ਭਾਜਪਾ ਅਬੋਹਰ ਵਿੱਚ ਮਾਰੇ ਗਏ ਵਪਾਰੀ ਦੇ ਵਿਰੋਧ ਵਿੱਚ ਭੁਗਤ ਰਹੀ ਅਤੇ ਗੁੰਡਿਆਂ ਤੇ ਗੈਂਗਸਟਰਾਂ ਦਾ ਸਾਥ ਦੇ ਰਹੀ ਹੈ। ਇਹ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਜੇਲ੍ਹ ਵਿੱਚ ਰੱਖ ਕੇ ਉਸ ਦੀ ਪੁਸ਼ਤਪਨਾਹੀ ਕਰ ਰਹੀ ਹੈ ਅਤੇ ਉਸ ਕੋਲੋਂ ਗੈਰ-ਭਾਜਪਾਈ ਰਾਜਾਂ ਵਿੱਚ ਜਿੱਥੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹਨ, ਵਿੱਚ ਕਤਲੇਆਮ ਕਰਵਾ ਰਹੀ ਹੈ। ਇਹ ਗੈਂਗਸਟਰ ਫਿਰੌਤੀਆਂ ਵਸੂਲ ਰਹੇ ਹਨ ਪਰ ਆਮ ਆਦਮੀ ਪਾਰਟੀ ਭਾਜਪਾ ਦੀਆਂ ਧਮਕੀਆਂ ਮੂਹਰੇ ਨਹੀਂ ਝੁਕੇਗੀ ਅਤੇ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰੇਗੀ।