ਐੱਸਵਾਈਐੱਲ ਬਾਰੇ ਸਾਰੀਆਂ ਧਿਰਾਂ ਹਾਂ-ਪੱਖੀ ਰੁਖ਼ ਅਪਣਾਉਣ ਲਈ ਤਿਆਰ: ਪਾਟਿਲ
ਨਵੀਂ ਦਿੱਲੀ, 10 ਜੁਲਾਈ
ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਅੱਜ ਕਿਹਾ ਕਿ ਸਰਕਾਰ ਸਤਲੁਜ-ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਵਿਵਾਦ ਦਾ ਸੰਤੁਲਤ ਹੱਲ ਕੱਢਣ ਵਿੱਚ ਪੰਜਾਬ ਤੇ ਹਰਿਆਣਾ ਦੋਹਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਹੱਲ ਪੱਖੀ ਰੁਖ਼ ਦੇ ਨਾਲ ਅੱਗੇ ਵਧਣ ਲਈ ਸਹਿਮਤ ਹੋ ਗਈਆਂ ਹਨ। ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਲੰਬੇ ਸਮੇਂ ਤੋਂ ਪੈਂਡਿੰਗ ਅੰਤਰਰਾਜੀ ਜਲ ਵਿਵਾਦ ’ਤੇ ਚਰਚਾ ਕਰਨ ਲਈ ਬੁੱਧਵਾਰ ਨੂੰ ਇੱਥੇ ਮੀਟਿੰਗ ਸੱਦੀ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਹਰਿਆਣਾ ਦੇ ਹਮਰੁਤਬਾ ਨਾਇਬ ਸਿੰਘ ਸੈਣੀ ਤੋਂ ਇਲਾਵਾ ਦੋਵੇਂ ਸੂਬਿਆਂ ਦੇ ਸੀਨੀਅਰ ਅਧਿਕਾਰੀ ਅਤੇ ਕੇਂਦਰ ਸਰਕਾਰ ਦੇ ਨੁਮਾਇੰਦੇ ਵੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪਾਟਿਲ ਨੇ ਕਿਹਾ ਸੀ ਕਿ ਮੰਤਰਾਲੇ ਜਲ ਸਰੋਤਾਂ ਦੇ ਨਿਆਂਸੰਗਤ ਅਤੇ ਤਾਲਮੇਲ ਵਾਲੇ ਪ੍ਰਬੰਧਨ ਲਈ ਦੋਵੇਂ ਸੂਬਿਆਂ ਨੂੰ ਹਰ ਸੰਭਵ ਸਹਿਯੋਗ ਦੇ ਰਿਹਾ ਹੈ। ਪਾਟਿਲ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਦਿੱਲੀ ਵਿੱਚ ਸਤਲੁਜ-ਯਮੁਨਾ ਲਿੰਕ ਨਹਿਰ ਨਾਲ ਜੁੜੇ ਮੁੱਦਿਆਂ ’ਤੇ ਅਹਿਮ ਮੀਟਿੰਗ ਹੋਈ। ਭਾਰਤ ਸਰਕਾਰ ਦਾ ਜਲ ਸ਼ਕਤੀ ਮੰਤਰਾਲੇ ਦੋਵੇਂ ਸੂਬਿਆਂ ਨੂੰ ਇਕ ਸੰਤੁਲਿਤ ਹੱਲ ਲੱਭਣ ਵਿੱਚ ਮਦਦ ਕਰਨ ਲਈ ਵਚਨਬੱਧ ਹੈ। ਮੀਟਿੰਗ ਵਿੱਚ ਸਾਰੀਆਂ ਧਿਰਾਂ ਨੇ ਖੁੱਲ੍ਹ ਕੇ ਆਪਣੀ ਗੱਲ ਰੱਖੀ ਅਤੇ ਹੱਲ ਕੱਢਣ ਸਬੰਧੀ ਨਜ਼ਰੀਏ ਦੇ ਨਾਲ ਅੱਗੇ ਵਧਣ ’ਤੇ ਸਹਿਮਤੀ ਜ਼ਾਹਿਰ ਕੀਤੀ।’’ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਗਲੀ ਮੀਟਿੰਗ ਅਗਸਤ ਵਿੱਚ ਹੋਵੇਗੀ, ਜਿੱਥੇ ਚਰਚਾ ਨੂੰ ਅੱਗੇ ਵਧਾਇਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਅੱਗੇ ਤਕਨੀਕੀ ਪੱਧਰ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ ਅਤੇ ਦੋਵੇਂ ਸੂਬੇ ਕੇਂਦਰ ਦੇ ਮਾਰਗਦਰਸ਼ਨ ਵਿੱਚ ਗੱਲਬਾਤ ਜਾਰੀ ਰੱਖਣ ਦੀ ਇੱਛਾ ਜ਼ਾਹਿਰ ਕਰ ਰਹੇ ਹਨ। -ਪੀਟੀਆਈ