ਵਰਲਡ ਬੈਂਕ ਦੇ ਵਫ਼ਦ ਵੱਲੋਂ ਨਹਿਰੀ ਜਲ ਸਪਲਾਈ ਪ੍ਰਾਜੈਕਟ ਦਾ ਜਾਇਜ਼ਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਜੂਨ
ਵਰਲਡ ਬੈਂਕ ਦੇ ਅਧਿਕਾਰੀਆਂ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਸ਼ਹਿਰ ਵਿੱਚ ਵਰਲਡ ਬੈਂਕ ਅਤੇ ਏਆਈਆਈਬੀ ਵੱਲੋਂ ਫੰਡ ਪ੍ਰਾਪਤ ਨਹਿਰੀ ਜਲ ਸਪਲਾਈ ਪ੍ਰਾਜੈਕਟ ਅਧੀਨ ਹੋ ਰਹੇ ਕੰਮ ਦਾ ਜਾਇਜ਼ਾ ਲਿਆ। ਸ਼ਹਿਰ ਦੇ ਦੋ ਰੋਜ਼ਾ ਦੌਰੇ ਦੌਰਾਨ ਵਫ਼ਦ ਨੇ ਪਿੰਡ ਬਿਲਗਾ (ਨੇੜੇ ਸਾਹਨੇਵਾਲ) ਵਿੱਚ ਵਾਟਰ ਟਰੀਟਮੈਂਟ ਪਲਾਂਟ (ਡਬਲਿਊਟੀਪੀ) ਸਾਈਟ ਤੇ ਕੁਝ ਹੋਰ ਥਾਵਾਂ ਦਾ ਨਿਰੀਖਣ ਕੀਤਾ ਜਿੱਥੇ ਪ੍ਰਾਜੈਕਟ ਅਧੀਨ ਓਵਰਹੈੱਡ ਵਾਟਰ ਰਿਜ਼ਰਵਾਇਰ (ਓਐੱਚਐੱਸਆਰ) ਬਣਾਏ ਜਾ ਰਹੇ ਹਨ।
ਮੀਟਿੰਗਾਂ ਦੌਰਾਨ, ਪ੍ਰਾਜੈਕਟ ਅਧੀਨ ਭਾਈਚਾਰਕ ਸ਼ਮੂਲੀਅਤ, ਹਿੱਸੇਦਾਰਾਂ ਦੀ ਸ਼ਮੂਲੀਅਤ, ਵਾਤਾਵਰਨ ਅਤੇ ਸਮਾਜਿਕ ਸੁਰੱਖਿਆ, ਟਰੈਫਿਕ ਪ੍ਰਬੰਧਨ ਆਦਿ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਬਿਲਗਾ (ਨੇੜੇ ਸਾਹਨੇਵਾਲ) ਵਿੱਚ ਇੱਕ ਵਿਸ਼ਵ ਪੱਧਰੀ ਜਲ ਟਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ ਜਿੱਥੋਂ ਸ਼ਹਿਰ ਨੂੰ ਟਰੀਟ ਕੀਤਾ ਗਿਆ ਸਹੀ ਪਾਣੀ ਸਪਲਾਈ ਕੀਤਾ ਜਾਵੇਗਾ। ਵਰਲਡ ਬੈਂਕ ਅਤੇ ਏ.ਆਈ.ਆਈ.ਬੀ ਦੁਆਰਾ ਫੰਡ ਪ੍ਰਾਪਤ ਨਹਿਰੀ ਜਲ ਸਪਲਾਈ ਪ੍ਰਾਜੈਕਟ ਦਾ ਪਹਿਲਾ ਪੜਾਅ ਲਗਪਗ 1300 ਕਰੋੜ ਰੁਪਏ (ਸਿਵਲ ਵਰਕਸ) ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।
ਵਰਲਡ ਬੈਂਕ ਦੇ ਵਫ਼ਦ ਦੀ ਅਗਵਾਈ ਟਾਸਕ ਟੀਮ ਲੀਡਰ ਰੋਸੱਨਾ ਨੀਤੀ ਕਰ ਰਹੇ ਸਨ। ਬੀਕੇਡੀ ਰਾਜਾ (ਸੁਰੱਖਿਆ), ਅਨਿੰਦੋ ਚੈਟਰਜੀ, ਸਲਾਹਕਾਰ ਨਾਵਿਕਾ ਚੌਧਰੀ, ਵਾਤਾਵਰਣ ਮਾਹਰ ਚਾਰੂ ਜੈਨ, ਖੇਤਰੀ ਵਰਲਡ ਬੈਂਕ ਦਫਤਰ, ਸਿੰਗਾਪੁਰ ਤੋਂ ਵਾਤਾਵਰਣ ਮਾਹਰ ਨਤਾਸ਼ਾ ਸਮੇਤ ਹੋਰ ਵਫ਼ਦ ਦਾ ਹਿੱਸਾ ਸਨ। ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਵੀ ਹੋਈ। ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਅਤੇ ਵਫ਼ਦ ਨੇ ਪ੍ਰੋਜੈਕਟ ਅਧੀਨ ਪ੍ਰਗਤੀ ਦੀ ਸ਼ਲਾਘਾ ਕੀਤੀ।
ਜਨਰਲ ਮੈਨੇਜਰ (ਪ੍ਰੋਜੈਕਟ) ਹਰ ਸਤਿੰਦਰ ਪਾਲ ਸਿੰਘ ਢਿੱਲੋਂ, ਮੁੱਖ ਇੰਜੀਨੀਅਰ ਰਵਿੰਦਰ ਗਰਗ, ਨਿਗਰਾਨ ਇੰਜੀਨੀਅਰ (ਪ੍ਰਾਜੈਕਟ) ਪਾਰੁਲ ਗੋਇਲ, ਬਾਦਲ ਸੋਨੀ, ਸੁਮਿਤ ਅਰੋੜਾ, ਪ੍ਰੋਜੈਕਟ ਮੈਨੇਜਰ (ਠੇਕੇਦਾਰ ਵੱਲੋਂ) ਅਮਿਤ ਸਿੰਘ ਸਮੇਤ ਪ੍ਰੋਜੈਕਟ ਇੰਪਲੀਮੈਂਟੇਸ਼ਨ ਯੂਨਿਟ (ਪੀ.ਆਈ.ਯੂ.) ਦੇ ਹੋਰ ਮੈਂਬਰ ਮੀਟਿੰਗ ਵਿੱਚ ਮੌਜੂਦ ਸਨ।
ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਕਿਹਾ ਕਿ ਠੇਕੇਦਾਰ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਜ਼ਰੂਰੀ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਤਾਂ ਜੋ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਦੇ ਅੰਦਰ ਪੂਰਾ ਕੀਤਾ ਜਾ ਸਕੇ। ਵਰਲਡ ਬੈਂਕ ਦੇ ਵਫ਼ਦ ਨੂੰ ਪ੍ਰਗਤੀ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਇਸ ’ਤੇ ਸੰਤੁਸ਼ਟੀ ਪ੍ਰਗਟ ਕੀਤੀ।