ਔਰਤ ਮੁਕਤੀ ਮੋਰਚਾ ਵੱਲੋਂ ਥਾਣਾ ਸਿੱਧਵਾਂ ਬੇਟ ਅੱਗੇ ਧਰਨਾ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 17 ਮਈ
ਬੇਟ ਇਲਾਕੇ ਦੇ ਥਾਣਾ ਸਿੱਧਵਾਂ ਬੇਟ ਅਧੀਨ ਪੈਂਦੇ ਪਿੰਡ ਕੋਟਉਮਰਾ, ਗੋਰਸੀਆਂ ਖਾਨ ਮੁਹੰਮਦ ਅਤੇ ਹੋਰਨਾਂ ਪਿੰਡਾਂ ਵਿੱਚ ਔਰਤਾਂ ਦੀ ਬੇਪਤੀ ਅਤੇ ਨਸ਼ਿਆਂ ਖ਼ਿਲਾਫ਼ ਜਨਤਕ ਜਥੇਬੰਦੀਆਂ ਨੇ ਥਾਣੇ ਮੂਹਰੇ ਰੋਹ ਭਰਪੂਰ ਧਰਨਾ ਦਿੱਤਾ। ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਆਗੂ ਕਾਮਰੇਡ ਬਲਜੀਤ ਸਿੰਘ ਗੋਰਸੀਆਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਆਰਐੱਮਪੀਆਈ ਦੇ ਤਹਿਸੀਲ ਸਕੱਤਰ ਗੁਰਮੇਲ ਸਿੰਘ ਰੂਮੀ, ਔਰਤ ਮੁਕਤੀ ਮੋਰਚਾ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਜੈਪਾਲ ਤੇ ਹੋਰਨਾਂ ਬੁਲਾਰਿਆਂ ਨੇ ਸੂਬਾ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਇਆ।
ਧਰਨੇ ਵਿੱਚ ਸਰਕਾਰੀ ਧੱਕੇਸ਼ਾਹੀ ਅਤੇ ਪੁਲੀਸ ਦੀ ਬੇਰੁਖੀ ਦਾ ਸ਼ਿਕਾਰ ਔਰਤਾਂ ਤੋਂ ਇਲਾਵਾ ਪਿਛਲੇ ਸਮੇਂ ਤੋਂ ਇਨਸਾਫ਼ ਲੈਣ ਲਈ ਥਾਣੇ ਦੇ ਚੱਕਰ ਲਗਾ ਰਹੇ ਲੋਕ ਪਹੁੰਚੇ ਹੋਏ ਸਨ। ਪ੍ਰੋ. ਸੁਰਿੰਦਰ ਜੈਪਾਲ ਨੇ ਆਖਿਆ ਕਿ ਪੁਲੀਸ ਨੇ ਸਭ ਦੀ ਰਖਵਾਲੀ ਲਈ ਹੁੰਦੀ ਹੈ ਅਤੇ ਉਸ ਨੂੰ ਹਾਕਮ ਧਿਰ ਦੇ ਲੋਕਾਂ ਦੀ ਨਹੀਂ ਸਗੋਂ ਹਰੇਕ ਨੂੰ ਇਨਸਾਫ਼ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੀਬੀ ਪ੍ਰਕਾਸ਼ ਕੌਰ ਕੋਟਉਮਰਾ ਦੀ ਕੁਝ ਨੌਜਵਾਨਾਂ ਵਲੋਂ ਕੁੱਟਮਾਰ ਕਰਕੇ ਉਸ ਦੀ ਬੇਇੱਜ਼ਤੀ ਕੀਤੀ ਅਤੇ ਉਸ ਦੀ ਚੁੰਨੀ ਨੂੰ ਹਵਾ ਵਿੱਚ ਲਹਿਰਾਇਆ ਅਜਿਹੀ ਘਟਨਾ ਸਾਡੇ ਸਮਾਜ ਦੇ ਮੱਥੇ 'ਤੇ ਕਲੰਕ ਹੈ। ਅਜਿਹੀਆਂ ਘਟਨਾਵਾਂ ਆਜ਼ਾਦੀ ਦੇ 77 ਸਾਲ ਬਾਅਦ ਵੀ ਖ਼ਤਮ ਨਹੀਂ ਹੋਈਆਂ। ਉਨ੍ਹਾਂ ਪ੍ਰਕਾਸ਼ ਕੌਰ ਸਮੇਤ ਹੋਰ ਪੀੜਤ ਔਰਤਾਂ ਨੂੰ ਇਕ ਹਫ਼ਤੇ ਵਿੱਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰਦਿਆਂ ਥਾਣਾ ਮੁਖੀ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਆਖਿਆ। ਕਾਮਰੇਡ ਕੋਟਉਮਰਾ ਤੇ ਮਾ. ਰੂਮੀ ਨੇ ਥਾਣਾ ਮੁਖੀ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਆਖਿਆ ਕਿ ਬੇਟ ਇਲਾਕੇ ਵਿੱਚ ਗੁੰਡਾਰਾਜ ਹੈ। ਇਲਾਕੇ ਅੰਦਰ ਨਸ਼ਿਆਂ ਦਾ ਕਾਰੋਬਾਰ ਵੀ ਧੜੱਲੇ ਨਾਲ ਚੱਲ ਰਿਹਾ ਹੈ।
ਧਰਨੇ ਵਿੱਚ ਨਿਰਮਲ ਸਿੰਘ ਧਾਲੀਵਾਲ, ਕੇਵਲ ਸਿੰਘ ਮੁੱਲਾਂਪੁਰ, ਸਰਪੰਚ ਹਰਮੇਸ਼ ਸਿੰਘ ਕੋਟਉਮਰਾ, ਸੁਖਵਿੰਦਰ ਸਿੰਘ ਸੁੱਖਾ, ਸਾਬਕਾ ਸਰਪੰਚ ਬਲਦੇਵ ਸਿੰਘ, ਪ੍ਰਧਾਨ ਸੰਦੀਪ ਸਿੰਘ, ਸੁਖਮਿੰਦਰ ਕੌਰ, ਸ਼ਲਿੰਦਰਾ ਬਾਈ, ਬਾਰਾ ਸਿੰਘ, ਪੰਚ ਗੁਰਦੇਵ ਕੌਰ, ਲਖਬੀਰ ਸਿੰਘ, ਮੱਖਣ ਸਿੰਘ, ਕਿਰਪਾਲ ਸਿੰਘ ਕੋਟਮਾਨ, ਦੀਵਾਨ ਸਿੰਘ, ਕੁਲਦੀਪ ਕੌਰ ਅਤੇ ਪ੍ਰਕਾਸ਼ ਕੌਰ ਆਦਿ ਸ਼ਾਮਲ ਸਨ।
ਹਫ਼ਤੇ ਅੰਦਰ ਕਾਰਵਾਈ ਕੀਤੀ ਜਾਵੇਗੀ: ਥਾਣਾ ਮੁਖੀ
ਧਰਨੇ ਵਿੱਚ ਪਹੁੰਚੇ ਥਾਣਾ ਮੁਖੀ ਇੰਸਪੈਕਟਰ ਹੀਰਾ ਸਿੰਘ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਅਤੇ ਹਫ਼ਤੇ ਦੇ ਅੰਦਰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਧਰਨਾਕਾਰੀਆਂ ਵਲੋਂ ਸ਼ਰ੍ਹੇਆਮ ਨਸ਼ਾ ਵਿਕਣ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਥਾਣਾ ਮੁਖੀ ਨੇ ਕਿਹਾ ਕਿ ਹੁਣ ਨਸ਼ਿਆਂ ਨੂੰ ਠੱਲ੍ਹ ਪਈ ਹੈ। ਜਨਵਰੀ 2025 ਤੋਂ ਹੁਣ ਤਕ ਥਾਣਾ ਸਿੱਧਵਾਂ ਬੇਟ ਵਿਖੇ ਨਸ਼ਾ ਵਿਰੋਧੀ ਐਕਟ ਦੇ 62 ਮਾਮਲੇ ਦਰਜ ਹੋ ਚੁੱਕੇ ਹਨ, ਜੋ ਪੁਲੀਸ ਦੀ ਵੱਡੀ ਪ੍ਰਾਪਤੀ ਹੈ।