ਯੁੱਧ ਨਸ਼ਿਆਂ ਵਿਰੁੱਧ: ਮਾਛੀਵਾੜਾ ਪੁਲੀਸ ਵੱਲੋਂ 22 ਕੇਸ ਦਰਜ, 35 ਗ੍ਰਿਫ਼ਤਾਰੀਆਂ
ਪੱਤਰ ਪ੍ਰੇਰਕ
ਮਾਛੀਵਾੜਾ, 12 ਜੂਨ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਾਛੀਵਾੜਾ ਪੁਲੀਸ ਵਲੋਂ ਆਪਣੇ 100 ਦਿਨਾਂ ਦੀ ਕਾਰਗੁਜ਼ਾਰੀ ਦੌਰਾਨ ਨਸ਼ਿਆਂ ਦੀ ਤਸਕਰੀ ਦੇ 22 ਮਾਮਲੇ ਦਰਜ ਕਰ 35 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਥਾਣਾ ਵਿੱਚ ਪਿਛਲੇ ਸੌ ਦਿਨਾਂ ਦੌਰਾਨ ਐੱਨਡੀਪੀਸੀ ਐਕਟ ਤਹਿਤ 19 ਕੇਸ ਦਰਜ ਕਰ ਕਰਕੇ 32 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 38.14 ਗ੍ਰਾਮ ਹੈਰੋਇਨ, 530 ਨਸ਼ੀਲੀਆਂ ਗੋਲੀਆਂ, 380 ਗ੍ਰਾਮ ਗਾਂਜਾ ਅਤੇ 4200 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਇਸ ਤੋਂ ਇਲਾਵਾ ਅਬਕਾਰੀ ਐਕਟ ਤਹਿਤ 3 ਕੇਸ ਦਰਜ ਕਰਕੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 111 ਲਿਟਰ ਤੋਂ ਵੱਧ ਸ਼ਰਾਬ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਇੱਕ ਨਸ਼ਾ ਤਸਕਰ ਦੀ ਲੱਖਾਂ ਰੁਪਏ ਦੀ ਜਾਇਦਾਦ ਵੀ ਫਰੀਜ਼ ਕੀਤੀ ਗਈ ਹੈ।
ਸੂਚੀ ’ਚ ਦਰਜ ਇਲਾਕੇ ਦੇ ਸਾਰੇ 18 ਨਸ਼ਾ ਤਸਕਰ ਗ੍ਰਿਫ਼ਤਾਰ
ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਾਛੀਵਾੜਾ ਇਲਾਕੇ ਵਿਚ 18 ਨਸ਼ਾ ਵੇਚਣ ਵਾਲੇ ਪ੍ਰਮੁੱਖ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਗਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮਾਛੀਵਾੜਾ ਥਾਣਾ ਦੇ ਸਮੂਹ ਸਟਾਫ਼ ਨੇ ਪੁਲੀਸ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਿਨ੍ਹਾਂ 18 ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕੀਤੀ ਸੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।