ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਸਤੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਥਾਈਲੈਂਡ ਦੀ ਪ੍ਰਿੰਸ ਆਫ ਸੌਂਗਕਲਾ ਯੂਨੀਵਰਸਿਟੀ ਦਾ ਦੌਰਾ ਕੀਤਾ। ਯੂਨੀਵਰਸਿਟੀ ਦੇ ਪ੍ਰਧਾਨ ਡਾ. ਨੀਵਤ ਕੀਵਪ੍ਰਦੁਬ ਨੇ ਡਾ. ਇੰਦਰਜੀਤ ਸਿੰਘ ਦਾ ਸਵਾਗਤ ਕਰਦਿਆਂ ਦੋਨਾਂ ਸੰਸਥਾਵਾਂ ਵਿਚ ਅਕਾਦਮਿਕ ਅਤੇ ਖੋਜ ਗਤੀਵਿਧੀਆਂ ਦੀ ਸਾਂਝ ਵਧਾਉਣ ਦੀ ਗੱਲ ਕੀਤੀ।
ਸਮੁੰਦਰੀ ਭੋਜਨ ਵਿਗਿਆਨ ਅੰਤਰਰਾਸ਼ਟਰੀ ਸੰਸਥਾ ਦੇ ਨਿਰਦੇਸ਼ਕ ਪ੍ਰੋ. ਸੂਟਾਵੱਟ ਬੈਂਜਾਕੁਲ ਨੇ ਆਪਣੀ ਸੰਸਥਾ ਦੀਆਂ ਉੱਚ ਪੱਧਰੀ ਖੋਜਾਂ ਬਾਰੇ ਦੱਸਿਆ ਅਤੇ ਸਮੁੰਦਰੀ ਭੋਜਨ ਦੀ ਰਹਿੰਦ-ਖੂੰਹਦ ਦਾ ਢੁੱਕਵਾਂ ਲਾਭ ਲੈਣ ਬਾਰੇ ਵੀ ਜਾਣਕਾਰੀ ਦਿੱਤੀ। ਦੋਨਾਂ ਸ਼ਖ਼ਸੀਅਤਾਂ ਨੇ ਦੋਵਾਂ ਯੂਨੀਵਰਸਿਟੀਆਂ ਦੀ ਦੁਵੱਲੀ ਸਿੱਖਿਆ ਨਾਲ ਮੱਛੀ ਪ੍ਰਾਸੈਸਿੰਗ ਤਕਨਾਲੋਜੀ ਵਿਚ ਪੋਸਟ ਗ੍ਰੈਜੂਏਸ਼ਨ ਦੀ ਸਾਂਝੀ ਡਿਗਰੀ ਦੇਣ ਸਬੰਧੀ ਵੀ ਸੰਭਾਵਨਾਵਾਂ ਵਿਚਾਰੀਆਂ।
ਡਾ. ਪ੍ਰਬਜੀਤ ਸਿੰਘ ਜੋ ਕਿ ਵੈਟਰਨਰੀ ਯੂਨੀਵਰਸਿਟੀ ਵਿੱਚ ਅਧਿਆਪਕ ਹਨ ਅਤੇ ਇਸ ਵਕਤ ਉਥੇ ਸਿਖਲਾਈ ਲੈ ਰਹੇ ਹਨ ਅਤੇ ਡਾ. ਅਵਤਾਰ ਸਿੰਘ ਜੋ ਕਿ ਥਾਈਲੈਂਡ ਦੀ ਉਸੇ ਸੰਸਥਾ ਵਿਚ ਉਪ-ਨਿਰਦੇਸ਼ਕ ਵਜੋਂ ਸੇਵਾ ਨਿਭਾ ਰਹੇ ਹਨ, ਵੀ ਇਨ੍ਹਾਂ ਵਿਚਾਰ ਵਟਾਂਦਰਿਆਂ ਦੌਰਾਨ ਡਾ. ਇੰਦਰਜੀਤ ਸਿੰਘ ਨਾਲ ਸਨ।