ਪੀਏਯੂ ਦੇ ਸਕਿੱਲ ਡਿਵੈੱਲਪਮੈਂਟ ਸੈਂਟਰ ਵੱਲੋਂ ਸਿਖਲਾਈ ਕੋਰਸ
ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜੂਨ
ਪੀਏਯੂ ਦੇ ਸਕਿੱਲ ਡਿਵੈੱਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ‘ਬਾਇਓਐਨਜ਼ਾਈਮਜ਼ ਦੀ ਵਰਤੋਂ ਕਰਕੇ ਸਫ਼ਾਈ ਪਦਾਰਥ ਤਿਆਰ ਕਰਨ’ ਸਬੰਧੀ ਦੋ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਿਯੋਗੀ ਨਿਰਦੇਸ਼ਕ(ਸਕਿੱਲ ਡਿਵੈਲਪਮੈਂਟ) ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਮਾਈਕਰੋਬਾਇਓਲੋਜੀ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਕੋਰਸ ਵਿੱਚ 19 ਸਿਖਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਵਾਤਾਵਰਨ ਅਨੁਕੂਲ ਸਫ਼ਾਈ ਪਦਾਰਥ ਘਰ ਵਿੱਚ ਤਿਆਰ ਕਰ ਕੇ ਆਪਣੇ ਘਰੇਲੂ ਖਰਚਿਆਂ ਨੂੰ ਘਟਾ ਸਕਦੇ ਹਾਂ ਅਤੇ ਨਾਲ-ਨਾਲ ਵਾਤਾਵਰਣ ਨੂੰ ਸੁਰੱਖਿਅਤ ਰੱਖ ਸਕਦੇ ਹਾਂ।
ਮਾਈਕਰੋਬਾਇਓਲੋਜੀ ਦੀ ਮੁਖੀ ਡਾ. ਉਰਮਿਲਾ ਗੁਪਤਾ ਨੇ ਬਾਇਓਐਨਜ਼ਾਇਮਜ਼ ਦੀ ਆਰਗੈਨਿਕ ਕਲੀਨਰ ਦੇ ਤੌਰ ’ਤੇ ਵਰਤੋਂ ਅਤੇ ਉਹਨਾਂ ਨੂੰ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ। ਡਾ. ਪ੍ਰੀਆ ਕਤਿਆਲ ਨੇ ਬਾਇਓਐਨਜ਼ਾਈਮ ਦੀ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਅਤੇ ਐਗਰੋ ਵੇਸਟ ਤੋਂ ਬਾਇਓਐਨਜ਼ਾਈਮ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ।
ਸਕੂਲ ਆੱਫ ਬਿਜ਼ਨਸ ਸਟੱਡੀਜ ਦੇ ਡਾਇਰੈਕਟਰ, ਡਾ. ਰਮਨਦੀਪ ਸਿੰਘ ਨੇ ਤਿਆਰ ਕੀਤੇ ਪਦਾਰਥਾਂ ਦੀ ਬਰੈਂਡਿੰਗ, ਲੇਬਲਿੰਗ ਅਤੇ ਮੰਡੀਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਪ੍ਰਰੇਨਾ ਕਪਿਲਾ ਨੇ ਆਰਗੈਨਿਕ ਡਿਸ਼ ਵਾਸ਼, ਐਲੋਵੀਰਾ ਸੋਪ ਅਤੇ ਫੇਸ ਪੈਕ ਬਾਰੇ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ। ਡਾ. ਸੁਮਨ ਕੁਮਾਰੀ ਨੇ ਬਾਇਓਐਨਜ਼ਾਈਮਜ਼ ਦੀ ਕੁਆਲਟੀ ਚੈੱਕ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਮੌਕੇ ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਰੋਜਾਨਾ ਜੀਵਨ ਵਿੱਚ ਅਪਣਾਉਣ ਦੀ ਸਲਾਹ ਦਿੱਤੀ।