ਪੱਤਰ ਪ੍ਰੇਰਕ
ਸਮਰਾਲਾ, 29 ਜੂਨ
ਮਾਛੀਵਾੜਾ ਪੁਲੀਸ ਨੇ ਕਾਸੋ ਅਪਰੇਸ਼ਨ ਤਹਿਤ ਇੱਕ ਘਰ ਦੀ ਤਲਾਸ਼ੀ ਦੌਰਾਨ 30 ਗ੍ਰਾਮ ਹੈਰੋਇਨ ਅਤੇ 90 ਹਜ਼ਾਰ ਡਰੱਗ ਮਨੀ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਮੁਲਜ਼ਮਾਂ ਦੀ ਪਛਾਣ ਪ੍ਰਭਜੋਤ ਸਿੰਘ ਤੇ ਨਵਜੋਤ ਸਿੰਘ (ਦੋਵੇਂ ਭਰਾ) ਤੇ ਬੇਅੰਤ ਕੌਰ ਵਾਸੀ ਤੱਖਰਾਂ ਵਜੋਂ ਹੋਈ ਹੈ।
ਥਾਣਾ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ. ਜੋਤੀ ਯਾਦਵ ਤੇ ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਕਾਸੋ ਆਪ੍ਰੇਸ਼ਨ ਤਹਿਤ ਪਿੰਡ ਤੱਖਰਾਂ ਵਿੱਚ ਇੱਕ ਘਰ ਦੀ ਤਲਾਸ਼ੀ ਲਈ ਤਾਂ ਬਜ਼ੁਰਗ ਔਰਤ ਨੇ ਗੇਟ ਖੋਲਿਅ੍ਹਾ ਜਿਸ ਨੇ ਪੁੱਛਣ ’ਤੇ ਆਪਣਾ ਨਾਮ ਬੇਅੰਤ ਕੌਰ ਦੱਸਿਆ। ਘਰ ਵਿੱਚ ਪ੍ਰਭਜੋਤ ਸਿੰਘ ਤੇ ਨਵਜੋਤ ਸਿੰਘ ਮੌਜੂਦ ਸਨ ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ। ਦੋਵਾਂ ਦੀ ਤਲਾਸ਼ੀ ਲਈ ਤਾਂ 30 ਗ੍ਰਾਮ ਹੈਰੋਇਨ ਤੇ 90 ਹਜ਼ਾਰ ਦੀ ਨਕਦੀ ਬਰਾਮਦ ਹੋਈ।
ਪੁੱਤਰਾਂ ਨਾਲ ਮਿਲ ਕੇ ਮਾਂ ਵੇਚਦੀ ਸੀ ਨਸ਼ਾ
ਥਾਣਾ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਤੇ ਨਵਜੋਤ ਸਿੰਘ ਨਸ਼ਾ ਵੇਚਦੇ ਸਨ, ਜਿਸ ਵਿਚ ਉਨ੍ਹਾਂ ਦੀ ਮਾਂ ਬੇਅੰਤ ਕੌਰ ਵੀ ਉਨ੍ਹਾਂ ਦਾ ਸਾਥ ਦੇ ਰਹੀ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਭਰਾ ਆਸਪਾਸ ਪਿੰਡਾਂ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਨਸ਼ਾ ਵੇਚ ਰਹੇ ਸਨ। ਪ੍ਰਭਜੋਤ ਸਿੰਘ ’ਤੇ ਰਾਜਸਥਾਨ ਵਿੱਚ ਪਹਿਲਾਂ ਹੀ ਭੁੱਕੀ ਦਾ ਕੇਸ ਦਰਜ ਹੈ।