ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੁਲਾਈ
ਸ਼ੇਰਪੁਰ ਮਾਰਕੀਟ ’ਚ ਰਹਿਣ ਵਾਲੇ ਗੁਰਵਿੰਦਰ ਸਿੰਘ ਨੇ ਮੰਗਲਵਾਰ ਦੀ ਸਵੇਰੇ ਘਰ ’ਚ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਗੁਰਵਿੰਦਰ ਦੇ ਪਰਿਵਾਰ ਵਾਲੇ ਕਮਰੇ ’ਚ ਉਸ ਨੂੰ ਬੁਲਾਉਣ ਗਏ ਤੇ ਅੰਦਰ ਉਸ ਦੀ ਲਾਸ਼ ਲਟਕ ਰਹੀ ਸੀ। ਉਨ੍ਹਾਂ ਆਸਪਾਸ ਦੇ ਲੋਕਾਂ ਨੂੰ ਬੁਲਾਇਆ। ਇਸ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲੀਸ ਵੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਦੌਰਾਨ ਖ਼ੁਦਕੁਸ਼ੀ ਪੱਤਰ ਬਰਾਮਦ ਕੀਤਾ ਹੈ। ਇਸ ’ਚ ਉਸ ਨੇ ਦੋ ਲੜਕੀਆਂ ਦਾ ਨਾਂ ਲਿਖਿਆ ਹੈ। ਪੁਲੀਸ ਨੇ ਖ਼ੁਦਕੁਸ਼ੀ ਪੱਤਰ ਕਬਜ਼ੇ ’ਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਜਾਂਚ ਅਧਿਕਾਰੀ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਕਰੇਨ ਚਲਾਉਣ ਦਾ ਕੰਮ ਕਰਦਾ ਹੈ। ਸੋਮਵਾਰ ਰਾਤ ਖਾਣਾ ਖਾਣ ਤੋਂ ਬਾਅਦ ਗੁਰਵਿੰਦਰ ਦੇ ਪਿਤਾ ਲਛਮਣ ਸਿੰਘ, ਉਸ ਦਾ ਭਰਾ ਸਵਰਨ ਸਿੰਘ ਤੇ ਨਿਰਮਲ ਕੌਰ ਬਾਹਰ ਬਰਾਂਡੇ ’ਚ ਸੁੱਤੇ ਹੋਏ ਸਨ। ਗੁਰਵਿੰਦਰ ਅੰਦਰ ਕਮਰੇ ’ਚ ਸੌਂ ਗਿਆ। ਰਾਤ ਢਾਈ ਵਜੇ ਜਦੋਂ ਮੀਂਹ ਸ਼ੁਰੂ ਹੋਣ ’ਤੇ ਪਰਿਵਾਰਕ ਮੈਂਬਰ ਅੰਦਰ ਕਮਰੇ ’ਚ ਉਸ ਨੂੰ ਬੁਲਾਉਣ ਗਏ ਤਾਂ ਅੰਦਰ ਉਸ ਦੀ ਲਾਸ਼ ਲਟਕ ਰਹੀ ਸੀ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਥਾਣਾ ਮੋਤੀ ਨਗਰ ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਇਸ ਦੌਰਾਨ ਜਦੋਂ ਉਸ ਦੇ ਕੱਪੜਿਆਂ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ’ਚੋਂ ਇੱਕ ਕਾਗਜ਼ ਦਾ ਟੁਕੜਾ ਮਿਲਿਆ। ਇਸ ’ਤੇ ਲਿਖਿਆ ਗਿਆ ਸੀ ਕਿ ਉਹ ਜੋਤੀ ਤੇ ਰੀਟਾ ਨਾਂ ਦੀਆਂ ਲੜਕੀਆਂ ਤੋਂ ਦੁਖੀ ਹੋ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਰਿਹਾ ਹੈ।
ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।