ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਸਤੰਬਰ
ਨਗਰ ਨਿਗਮ ਦੀ ਟੀਮ ਨੇ ਮੀਟ ਦੀਆਂ ਦੁਕਾਨਾਂ ਦੇ ਮਾਲਕਾਂ ਅਤੇ ਕੁਝ ਹੋਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਅੱਜ ਚੰਦਰ ਨਗਰ ਪੁਲੀ (ਹੈਬੋਵਾਲ) ਨੇੜੇ ਨਾਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਚਲਾਈ। ਇਸ ਮੁਹਿੰਮ ਦੌਰਾਨ ਨਗਰ ਨਿਗਮ ਦੀ ਟੀਮ ਨੇ ਅੱਧੀ ਦਰਜਨ ਦੇ ਕਰੀਬ ਕਬਜ਼ੇ ਹਟਾਏ ਅਤੇ ਦੁਕਾਨਦਾਰਾਂ ਨੂੰ ਚਿਤਾਵਨੀ ਜਾਰੀ ਕੀਤੀ। ਇਹ ਮੁਹਿੰਮ ਇਲਾਕੇ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਚਲਾਈ ਗਈ ਸੀ। ਨਗਰ ਨਿਗਮ ਟੀਮ ਦੀ ਅਗਵਾਈ ਤਹਬਿਾਜ਼ਾਰੀ ਦੇ ਇੰਸਪੈਕਟਰ ਅਜੈ ਨੇ ਕੀਤੀ। ਇਲਾਕੇ ਵਿੱਚ ਕੀਤੇ ਗਏ ਕਬਜ਼ਿਆਂ ਕਾਰਨ ਟਰੈਫਿਕ ਵਿੱਚ ਰੁਕਾਵਟ ਪੈ ਰਹੀ ਸੀ ਅਤੇ ਸਵੇਰੇ ਤੇ ਸ਼ਾਮ ਨੂੰ ਇਸ ਥਾਂ ’ਤੇ ਕਾਫ਼ੀ ਟਰੈਫਿਕ ਜਾਮ ਲੱਗਦਾ ਸੀ। ਨਗਰ ਨਿਗਮ ਨੂੰ ਪਿਛਲੇ ਦਨਿੀਂ ਇਸ ਸਬੰਧੀ ਸ਼ਿਕਾਇਤਾਂ ਵੀ ਮਿਲੀਆਂ ਸਨ, ਜਿਸ ’ਤੇ ਇਹ ਕਾਰਵਾਈ ਕੀਤੀ ਗਈ।
ਨਗਰ ਨਿਗਮ ਦੇ ਸੁਪਰਡੈਂਟ ਵਵਿੇਕ ਵਰਮਾ ਅਤੇ ਇੰਸਪੈਕਟਰ ਅਜੈ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਨਿਯਮਤ ਤੌਰ ’ਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਦਾ ਮੁੱਖ ਮਕਸਦ ਸ਼ਹਿਰ ਦੀਆਂ ਸੜਕਾਂ ’ਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਾ ਹੈ। ਇੰਸਪੈਕਟਰ ਅਜੈ ਨੇ ਦੱਸਿਆ ਕਿ ਵੀਰਵਾਰ ਨੂੰ ਚਲਾਈ ਗਈ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਦੌਰਾਨ ਅੱਧੀ ਦਰਜਨ ਦੇ ਕਰੀਬ ਕਬਜ਼ੇ ਹਟਾਏ ਗਏ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਸੜਕ ਦੇ ਹਿੱਸਿਆਂ ’ਤੇ ਕਬਜ਼ੇ ਕਰਨ ਤੋਂ ਗੁਰੇਜ਼ ਕਰਨ ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।