ਲੋਕਾਂ ਲਈ ਮੁਸੀਬਤ ਬਣਿਆ ਕੌੜੀ ਰੇਲਵੇ ਅੰਡਰਬ੍ਰਿਜ
ਜੋਗਿੰਦਰ ਸਿੰਘ ਓਬਰਾਏ
ਖੰਨਾ, 26 ਜੂਨ
ਪਿਛਲੇ ਦਿਨਾਂ ਦੌਰਾਨ ਪਏ ਮੀਂਹ ਨਾਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਖੰਨਾ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਲੋਕਾਂ ਲਈ ਮੀਂਹ ਆਫਤ ਵੀ ਬਣਿਆ ਹੈ। ਅਜਿਹਾ ਹੀ ਮਾਮਲਾ ਨੇੜਲੇ ਪਿੰਡ ਕੌੜੀ ’ਚ ਬਣਿਆ ਰੇਲਵੇ ਅੰਡਰਬ੍ਰਿਜ ਹੈ ਜੋ ਮੀਂਹ ਮਗਰੋਂ ਇਲਾਕਾ ਵਾਸੀਆਂ ਲਈ ਸਮੱਸਿਆ ਬਣ ਗਿਆ ਹੈ। ਬਰਸਾਤ ਦੇ ਮੌਸਮ ਵਿਚ ਇਹ ਅੰਡਰਬ੍ਰਿਜ ਲਗਾਤਾਰ ਪਾਣੀ ਨਾਲ ਭਰਿਆ ਰਹਿੰਦਾ ਹੈ। ਹਾਲਾਤ ਅਜਿਹੇ ਹਨ ਕਿ ਇੱਥੇ ਲਗਪਗ ਤਿੰਨ ਫੁੱਟ ਪਾਣੀ ਇੱਕਠਾ ਹੋ ਗਿਆ ਹੈ।
ਇਸ ਮੌਕੇ ਸਥਾਨਕ ਲੋਕਾਂ ਨੇ ਰੇਲਵੇ ਪ੍ਰਸਾਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਅੰਡਰਬ੍ਰਿਜ ਸਹੂਲਤ ਲਈ ਨਹੀਂ ਸਗੋਂ ਮੁਸੀਬਤ ਪੈਦਾ ਕਰਨ ਲਈ ਬਣਾਇਆ ਗਿਆ ਹੈ। ਰੇਲਵੇ ਲਾਈਨ ਨੇ ਪਿੰਡ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ ਜਦਕਿ ਅੰਡਰਬ੍ਰਿਜ ਬਣਾਉਂਦੇ ਸਮੇਂ ਰੇਲਵੇ ਨੇ ਦਾਅਵਾ ਕੀਤਾ ਸੀ ਕਿ ਪਿੰਡ ਨੂੰ ਸੁਰੱਖਿਅਤ ਤੇ ਸਹੂਲਤ ਭਰਪੂਰ ਰਾਹ ਦਿੱਤਾ ਜਾਵੇਗਾ ਪਰ ਇਹ ਦਾਅਵਾ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ। ਉਨ੍ਹਾਂ ਕਿਹਾ ਕਿ ਅੰਡਰਬ੍ਰਿਜ ਵਿਚ ਪਾਣੀ ਭਰਨ ਨਾਲ ਕਈ ਮਹੀਨਿਆਂ ਤੱਕ ਹਾਲਾਤ ਇਸੇ ਤਰ੍ਹਾਂ ਰਹਿੰਦੇ ਹਨ ਜੇਕਰ ਲੋਕਾਂ ਨੂੰ ਰੇਲਵੇ ਲਾਈਨ ਪਾਰ ਕਰਨੀ ਪੈਂਦੀ ਹੈ ਤਾਂ ਉਨ੍ਹਾਂ ਨੂੰ ਆਪਣੀ ਜਾਨ ਜੋਖ਼ਮ ਵਿਚ ਪਾ ਕੇ 5 ਤੋਂ 6 ਕਿਲੋਮੀਟਰ ਲੰਬਾ ਰਸਤੇ ਰਾਹੀਂ ਜਾਣਾ ਪੈਂਦਾ ਹੈ। ਇਸ ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੁੰਦਾ ਹੈ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਕਿ ਅੰਡਰਬ੍ਰਿਜ ਦੀ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਲਈ ਸਥਾਈ ਪ੍ਰਬੰਧ ਕੀਤਾ ਜਾਵੇ ਜਾਂ ਫ਼ਿਰ ਰੇਲਵੇ ਲਾਈਨ ਤੇ ਸੁਰੱਖਿਅਤ ਓਵਰਬ੍ਰਿਜ ਬਣਾਇਆ ਜਾਵੇ ਤਾਂ ਜੋ ਪਿੰਡ ਦੇ ਦੋਵਾਂ ਹਿੱਸਿਆਂ ਨੂੰ ਜੋੜਨ ਵਿਚ ਕੋਈ ਸਮੱਸਿਆ ਪੈਦਾ ਨਾ ਹੋਵੇ। ਪਿੰਡ ਦੀ ਪੰਚਾਇਤ ਨੇ ਜ਼ਿਲ੍ਹਾ ਪ੍ਰਸਾਸ਼ਨ ਅਤੇ ਰੇਲਵੇ ਮੰਤਰਾਲੇ ਨੂੰ ਇਸ ਸਮੱਸਿਆ ਦੇ ਤੁਰੰਤ ਹੱਲ ਕਰਨ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਕੋਈ ਠੋਸ ਹੱਲ ਨਾ ਨਿਕਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਪਿੰਡ ਦੀ ਸਰਪੰਚ ਜਗਦੀਪ ਕੌਰ ਨੇ ਕਿਹਾ ਕਿ ਇਹ ਸਮੱਸਿਆ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ। ਉਨ੍ਹਾਂ ਇਸ ਸਬੰਧੀ ਰੇਲਵੇ ਅਧਿਕਾਰੀਆਂ ਨੂੰ ਦੱਸਿਆ ਪਰ ਕੋਈ ਠੋਸ ਹੱਲ ਨਹੀਂ ਨਿਕਲਿਆ। ਇਸ ਸਮੱਸਿਆ ਕਾਰਨ ਪਿੰਡ ਦੇ ਬਜ਼ੁਰਗ ਅਤੇ ਸਕੂਲ ਜਾਣ ਵਾਲੇ ਵਿਦਿਆਰਥੀ ਪ੍ਰੇਸ਼ਾਨ ਹੁੰਦੇ ਹਨ।