ਕੱਪੜਾ ਕਾਰੋਬਾਰੀ ਨਾਲ 15 ਕਰੋੜ ਦੀ ਠੱਗੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਮਾਰਚ
ਦੁਬਈ ਦੇ ਚਾਰ ਕਾਰੋਬਾਰੀ ਭਰਾਵਾਂ ਨੇ ਰੈਡੀਮੇਡ ਕੱਪੜਿਆਂ ਦੇ ਕਾਰੋਬਾਰੀ ਵਰਿੰਦਾ ਵੇਅਰ ਦੇ ਮਾਲਕ ਨਾਲ 15.21 ਕਰੋੜ ਦੀ ਠੱਗੀ ਧੋਖਾਧੜੀ ਕੀਤੀ ਹੈ। ਇਸ ਸਬੰਧੀ ਪੁਲੀਸ ਨੇ ਪੰਚਸ਼ੀਲ ਕਲੋਨੀ ਵਾਸੀ ਕਾਰੋਬਾਰੀ ਵਿਨੈ ਗੁਪਤਾ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ-3 ਵਿੱਚ ਦੁਬਈ ਦੇ ਸੁਧਾਕਰ ਸ਼੍ਰੀਧਰ ਬਰਦਰ, ਰਤਨਾ ਬਰਦਰ, ਸੰਦੀਪ ਸੰਵਤ ਉਰਫ਼ ਸੰਦੀਪ ਗੋਟੀਆ ਅਤੇ ਮੁੰਬਈ ਦੇ ਰਹਿਣ ਵਾਲੇ ਵਿਦਿਆਧਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਵਰਿੰਦਾ ਵੇਅਰ ਦੇ ਮਾਲਕ ਵਿਨੈ ਗੁਪਤਾ ਨੇ ਦੱਸਿਆ ਉਨ੍ਹਾਂ ਦਾ ਰੈਡੀਮੇਡ ਕੱਪੜਿਆਂ ਦਾ ਐਕਸਪੋਰਟ ਕਾਰੋਬਾਰ ਹੈ। ਮੁਲਜ਼ਮਾਂ ਨੇ ਦੁਬਈ ਵਿੱਚ ਕੂਲਵੇ ਜਨਰਲ ਟਰੇਡਿੰਗ ਕੰਪਨੀ ਦੇ ਨਾਂ ’ਤੇ ਇੱਕ ਫਰਮ ਬਣਾਈ ਸੀ। ਜਦੋਂ ਮੁਲਜ਼ਮਾਂ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ ਸੀ ਤਾਂ ਸਾਮਾਨ ਕਈ ਵਾਰ ਵੇਚਿਆ ਗਿਆ ਅਤੇ ਮੁਲਜ਼ਮ ਪੈਸੇ ਵੀ ਭੇਜਦੇ ਰਹੇ। ਚਾਰੇ ਭਰਾ ਆਪਣੇ ਆਪ ਨੂੰ ਕੰਪਨੀ ਦੇ ਮਾਲਕ ਕਹਿੰਦੇ ਸਨ। ਮੁਲਜ਼ਮਾਂ ਨੇ ਵਿਨੈ ਗੁਪਤਾ ਨੂੰ ਪੂਰੇ ਭਰੋਸੇ ਵਿੱਚ ਲੈ ਲਿਆ। ਮੁਲਜ਼ਮਾਂ ਨੇ ਹੌਲੀ-ਹੌਲੀ ਕਰੀਬ ਲਗਪਗ 15 ਕਰੋੜ 21 ਲੱਖ ਰੁਪਏ ਦਾ ਸਾਮਾਨ ਖਰੀਦਿਆ। ਜਦੋਂ ਉਸ ਨੇ ਪੈਸੇ ਮੰਗੇ ਤਾਂ ਮੁਲਜ਼ਮ ਬਹਾਨੇ ਬਣਾਉਣ ਲੱਗ ਪਏ। ਜਦੋਂ ਮੁਲਜ਼ਮਾਂ ਨੇ ਹੋਰ ਸਾਮਾਨ ਮੰਗਵਾਇਆ ਅਤੇ ਵਿਨੈ ਗੁਪਤਾ ਨੇ ਪਿਛਲੀ ਰਕਮ ਅਦਾ ਕਰਨ ਦੀ ਗੱਲ ਕੀਤੀ ਤਾਂ ਮੁਲਜ਼ਮ ਖੁਦ ਨੂੰ ਕੰਪਨੀ ਦਾ ਮਾਲਕ ਦੱਸਣ ਤੋਂ ਮੁਨਕਰ ਹੋ ਗਏ। ਇਸ ਤੋਂ ਬਾਅਦ ਵਿਨੈ ਗੁਪਤਾ ਨੇ ਸ਼ਿਕਾਇਤ ਪੁਲੀਸ ਨੂੰ ਕੀਤੀ। ਜਾਂਚ ਪੂਰੀ ਕਰਨ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਪੁਲੀਸ ਥਾਣਾ ਡਿਵੀਜ਼ਨ ਤਿੰਨ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।