ਪੰਜਾਬ ਤੇ ਚੰਡੀਗੜ੍ਹ ਦੇ ਅਧਿਆਪਕਾਂ ਵੱਲੋਂ ਲੁਧਿਆਣਾ ਵਿੱਚ ਪ੍ਰਦਰਸ਼ਨ
ਸਤਵਿੰਦਰ ਬਸਰਾ
ਲੁਧਿਆਣਾ, 14 ਜੂਨ
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ (ਪੀਸੀਸੀਟੀਯੂ) ਵੱਲੋਂ ਅੱਜ ਲੁਧਿਆਣਾ ਵਿਖੇ ਪੰਜਾਬ ਸਰਕਾਰ ਦੀ ਉੱਚ ਸਿੱਖਿਆ ਪ੍ਰਤੀ ਅਣਦੇਖੀ ਲਈ ਲੁਧਿਆਣਾ ਦੀ ਜ਼ਿਮਲੀ ਚੋਣ ਦੇ ਮੱਦੇਨਜ਼ਰ ‘ਆਪ’ ਉਮੀਦਵਾਰ ਸੰਜੀਵ ਕੁਮਾਰ ਅਰੋੜਾ ਦੇ ਘਰ ਅੱਗੇ ਰੋਸ ਰੈਲੀ ਕੱਢੀ ਗਈ। ਇਸ ਵਿਚ ਪੰਜਾਬ ਦੇ 136 ਕਾਲਜਾਂ ਦੇ ਪ੍ਰੋਫ਼ੈਸਰਾਂ ਨੇ ਭਾਗ ਲਿਆ। ਰੈਲੀ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਫੈਡਰੇਸ਼ਨ ਆਫ ਕਾਲਜ ਯੂਨਿਵਰਸਿਟੀ ਟੀਚਰ ਆਰਗਨਾਈਜੇਸ਼ਨ ਦੇ ਮੀਤ ਪ੍ਰਧਾਨ ਪ੍ਰੋ. ਵਿਨੈ ਸੋਫਤ ਨੇ ਕਿਹਾ ਕਿ ਪੰਜਾਬ ਦੇ 136 ਏਡਿਡ ਕਾਲਜਾਂ ਵਿੱਚੋਂ ਵਧੇਰੇ ਕਾਲਜ ਬਿਨਾਂ ਗਰਾਂਟ ਤੋਂ ਪੰਜਵੇਂ ਮਹੀਨੇ ਵਿੱਚ ਪਹੁੰਚ ਚੁੱਕੇ ਹਨ। ਨਵਾਂ ਸਾਲਾਨਾ ਬਜਟ ਐਲਾਨ ਹੋਣ ਤੋਂ ਬਾਅਦ ਵੀ ਅੱਜ ਤੱਕ ਪਿਛਲੇ ਵਿੱਤੀ ਸਾਲ 2024-25 ਦੇ ਬਿਲ ਪਾਸ ਨਹੀਂ ਕੀਤੇ ਗਏ। ਹਜ਼ਾਰਾਂ ਅਧਿਆਪਕ ਬਿਨਾਂ ਤਨਖਾਹਾਂ ਤੋਂ ਸਮਾਂ ਕੱਟ ਰਹੇ ਹਨ। ਇਹ ਮਾਮਲਾ ਵਾਰ-ਵਾਰ ਅਫ਼ਸਰਾਂ ਦੇ ਧਿਆਨ ਵਿੱਚ ਲੈ ਕੇ ਆਉਣ ਦੇ ਬਾਵਜੂਦ ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ।
ਜ਼ਿਲ੍ਹਾ ਪ੍ਰਧਾਨ ਪ੍ਰੋ. ਚਮਕੌਰ ਸਿੰਘ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਆਪਣੇ ਪੂਰੇ ਕਾਰਜਕਾਲ ਦੌਰਾਨ ਨਾ ਤਾਂ ਕਿਸੇ ਏਡਿਡ ਕਾਲਜ ਦੀ ਜੂਹ ਵਿੱਚ ਪੈਰ ਧਰਿਆ ਅਤੇ ਨਾ ਹੀ ਕਦੇ ਇਨ੍ਹਾਂ ਕਾਲਜਾਂ ਦੀ ਕੋਈ ਖ਼ਬਰਸਾਰ ਲਈ ਹੈ। ਦੂਜੇ ਪਾਸੇ, ਸੂਬੇ ਦੇ ਏਡਿਡ ਕਾਲਜ ਰਾਜ ਦੀ ਉੱਚ ਸਿੱਖਿਆ ਦੀ ਰੀੜ੍ਹ ਦੀ ਹੱਡੀ ਦੇ ਰੂਪ ਵਿੱਚ ਨਿਰੰਤਰ ਆਪਣੀ ਭੂਮਿਕਾ ਨਿਭਾਉਂਦੇ ਆ ਰਹੇ ਹਨ।ਸੂਬਾ ਪ੍ਰਧਾਨ ਸੀਮਾ ਜੇਤਲੀ ਨੇ ਕਿਹਾ ਕਿ ਸਿੱਖਿਆ ਮੰਤਰੀ ਇਸਦੇ ਮੁਕਾਬਲੇ ਪ੍ਰਾਈਵੇਟ ਕਾਲਜਾਂ, ਯੂਨੀਵਰਸਿਟੀਆਂ ਵਿੱਚ ਲਗਾਤਾਰ ਜਾ ਰਹੇ ਹਨ। ਪੰਜਾਬ ਦੀ ਉੱਚ ਸਿੱਖਿਆ ਨੂੰ ਪਬਲਿਕ ਸੈਕਟਰ ਤੋਂ ਕੱਢ ਕੇ ਪ੍ਰਾਈਵੇਟ ਦੇ ਹੱਥਾਂ ਵਿੱਚ ਦੇ ਕੇ ਗਰੀਬ ਬੱਚਿਆ ਦੇ ਹੱਥੋਂ ਉੱਚ ਸਿੱਖਿਆ ਨੂੰ ਖੋਹਣਾ ਚਾਹੁੰਦੇ ਹਨ। ਪ੍ਰੋ. ਬਹਾਦੁਰ ਸਿੰਘ ਨੇ ਕਿਹਾ ਸੱਤਵੇਂ ਪੇ ਸਕੇਲ ਨੂੰ ਆਪ ਸਰਕਾਰ ਅੱਜ ਤੱਕ, ਕੁਝ ਕਾਲਜਾਂ ਤੋਂ ਸਿਵਾਏ, ਬਾਕੀ ਕਾਲਜਾਂ ਵਿੱਚ ਲਾਗੂ ਕਰਵਾਉਣ ਤੋਂ ਨਾਕਾਮ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਨੁਮਾਇੰਦੇ ਬਰਿੰਦਰ ਕੁਮਾਰ ਗੋਇਲ, ਮੰਤਰੀ ਵਾਟਰ ਰਿਸੋਰਸਜ਼ ਆਫ ਪੰਜਾਬ, ਡਾ. ਰਵਜੋਤ ਸਿੰਘ, ਕੈਬਨਿਟ ਮੰਤਰੀ ਪੰਜਾਬ ਤਰਨਪ੍ਰੀਤ ਸੋਂਦ ਵਲੋਂ ਵਿਸ਼ਵਾਸ ਦਿੱਤਾ ਗਿਆ ਕਿ ਸੋਮਵਾਰ ਤੱਕ ਕਾਲਜਾਂ ਦੀ ਗ੍ਰਾਂਟ ਆ ਜਾਵੇਗੀ ਅਤੇ ਬਾਕੀ ਮਸਲੇ ਵੀ ਜਲਦੀ ਹੱਲ ਕਰ ਦਿੱਤੇ ਜਾਣਗੇ। ਆਉਣ ਵਾਲੇ ਦਿਨਾਂ ਵਿੱਚ ਮੰਤਰੀ ਨਾਲ ਮੀਟਿੰਗ ਕਰਵਾਈ ਜਾਏਗੀ ਅਤੇ ਏਡਿਡ ਕਾਲਜਾ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ।