ਸਵੱਦੀ ਸਰਬਸੰਮਤੀ ਨਾਲ ਸਬਜ਼ੀ ਮੰਡੀ ਦੇ ਪ੍ਰਧਾਨ ਬਣੇ
ਸਬਜ਼ੀ ਮੰਡੀ ਜਗਰਾਉਂ ਦੀ ਆੜ੍ਹਤੀਆ ਐਸੋਸੀਏਸ਼ਨ ਦੀ ਅੱਜ ਹੋਈ ਚੋਣ ਵਿੱਚ ਨੌਜਵਾਨ ਆਜ਼ਾਦਵਿੰਦਰ ਸਿੰਘ ਮਾਂਗਟ ਉਰਫ ਆਜ਼ਾਦ ਸਵੱਦੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਨਾਲ ਹੀ 13 ਮੈਂਬਰੀ ਵਰਕਿੰਗ ਕਮੇਟੀ ਵੀ ਬਣਾਈ ਗਈ, ਜੋ ਪ੍ਰਧਾਨ ਨਾਲ ਮਿਲ ਕੇ ਸ਼ਬਜ਼ੀ ਮੰਡੀ ਦੀ ਬਿਹਤਰੀ ਲਈ ਕੰਮ ਕਰੇਗੀ। ਇਸ ਮੌਕੇ ਪ੍ਰਧਾਨ ਚੁਣੇ ਗਏ ਆਜ਼ਾਦ ਸਵੱਦੀ ਦਾ ਆੜ੍ਹਤੀਆਂ ਵਲੋਂ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਨਵੇਂ ਚੁਣੇ ਪ੍ਰਧਾਨ ਨੂੰ ਹਰੇਕ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਪ੍ਰਧਾਨ ਆਜ਼ਾਦ ਸਵੱਦੀ ਨੇ ਸਮੂਹ ਮੰਡੀ ਦੇ ਮੈਂਬਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਜਗਰਾਉਂ ਸਬਜ਼ੀ ਮੰਡੀ ਨੂੰ ਵਪਾਰਕ ਪੱਖੋਂ ਪੰਜਾਬ ਦੀ ਨੰਬਰ ਇਕ ਮੰਡੀ ਬਣਾਉਣ ਵਿੱਚ ਉਹ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਜੋ ਵੀ ਜਗਰਾਉਂ ਸ਼ਬਜ਼ੀ ਮੰਡੀ ਵਿੱਚ ਸਬਜ਼ੀ ਫਲਾਂ ਦਾ ਵਪਾਰ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਦੁਕਾਨਦਾਰਾਂ ਨੂੰ ਪ੍ਰੇਸ਼ਾਨੀਆਂ ਹਨ, ਉਨ੍ਹਾਂ ਦਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਮਿਲ ਕੇ ਹੱਲ ਕੀਤਾ ਜਾਵੇਗਾ। ਸਬਜ਼ੀ ਮੰਡੀ ਵਿੱਚ ਸ਼ਬਜੀ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਲਾਹੇਬੰਦ ਭਾਅ ਦਿਵਾਉਣ ਲਈ ਉਹ ਜਗਰਾਉਂ ਮੰਡੀ ਤੋਂ ਇਲਾਵਾ ਪੰਜਾਬ ਤੇ ਦਿੱਲੀ ਸਮੇਤ ਹੋਰਨਾਂ ਸੂਬਿਆਂ ਦੀਆਂ ਸਬਜ਼ੀ ਮੰਡੀਆਂ ਦੇ ਵਪਾਰੀਆਂ ਨਾਲ ਤਾਲਮੇਲ ਕਰਨਗੇ ਤਾਂ ਜੋ ਇਸ ਵਪਾਰ ਵਿੱਚ ਵਾਧਾ ਹੋਵੇ। ਇਸ ਮੌਕੇ ਸਾਬਕਾ ਪ੍ਰਧਾਨ ਮੋਹਣ ਸਿੰਘ ਮਾਂਗਟ, ਇੰਦਰਮੋਹਨ ਸਿੰਘ, ਚਰਨਜੀਤ ਸਿੰਘ, ਦੀਪਕ ਪੱਲ੍ਹਣ, ਜਸਪ੍ਰੀਤ ਸਿੰਘ, ਪਰਮਜੀਤ ਸਿੰਘ ਪੰਮਾ, ਗੁਰਪ੍ਰੀਤ ਸਿੰਘ ਓਬਰਾਏ, ਅਮਰਪ੍ਰੀਤ ਸਿੰਘ ਰਾਜਨ ਅਤੇ ਹਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।