ਸਵਦੇਸ਼ੀ ਸੁਰੱਖਿਆ ਤੇ ਸਵੈ-ਨਿਰਭਰਤਾ ਮੁਹਿੰਮ
ਲੁਧਿਆਣਾ: ਸਵਦੇਸ਼ੀ ਜਾਗਰਣ ਮੰਚ ਦੇ ਆਲ ਇੰਡੀਆ ਸਹਿ-ਸੰਯੋਜਕ ਸਤੀਸ਼ ਕੁਮਾਰ ਨੇ ਅੱਜ ਇਥੇ ਕਿਹਾ ਕਿ ਅਮਰੀਕਾ ਅਤੇ ਚੀਨ ਦੁਆਰਾ ਚਲਾਈ ਗਈ ਵਿਸ਼ਵ ਵਪਾਰ ਅਤੇ ਆਰਥਿਕ ਜੰਗ ਤੋਂ ਅੱਜ ਪੂਰੀ ਦੁਨੀਆਂ ਪੀੜ੍ਹਤ ਹੈ ਜਿਸ ਦੇ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਉਹ ਸਵਦੇਸ਼ੀ ਜਾਗਰਣ ਮੰਚ ਵੱਲੋਂ ਫਿਰੋਜ਼ਪੁਰ ਰੋਡ ਸਥਿਤ ਇੱਕ ਹੋਟਲ ਵਿੱਚ ਸਵਦੇਸ਼ੀ ਸੁਰੱਖਿਆ ਅਤੇ ਸਵੈ-ਨਿਰਭਰਤਾ ਮੁਹਿੰਮ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਚੀਨ ਨੇ ਗੁਪਤ ਤੌਰ 'ਤੇ ਆਪਣੇ ਸਸਤੇ ਸਾਮਾਨ ਨੂੰ ਜਿੱਥੇ ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਸੁੱਟਕੇ ਭਾਰਤ ਦੇ ਬਾਜ਼ਾਰ ਅਤੇ ਰੁਜ਼ਗਾਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ, ਉੱਥੇ ਹੀ ਦੂਜੇ ਪਾਸੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਸਮੇਤ ਦੁਨੀਆਂ ਭਰ ਦੇ ਦੇਸ਼ਾਂ ਨੂੰ ਨਵੇਂ ਟੈਰਿਫ ਲਗਾ ਕੇ ਅਮਰੀਕੀ ਕੰਪਨੀਆਂ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਜ਼ੀਰੋ ਟੈਰਿਫ ਲਗਾ ਕੇ ਉਨ੍ਹਾਂ ਦੇ ਬਾਜ਼ਾਰਾਂ ਵਿੱਚ ਦਾਖ਼ਲ ਹੋਣ ਅਤੇ ਲੁੱਟਣ ਲਈ ਖੁੱਲ੍ਹਾ ਹੱਥ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਨੈ ਜੀ, ਮੋਹਿਤ ਗੋਇਲ, ਪੂਰਨ ਕਾਲਿਕ, ਵਿਸ਼ਾਲ ਗਰਗ, ਗੁਰਦੀਪ ਸਿੰਘ ਗੋਸ਼ਾ ਅਤੇ ਰਾਸ਼ੀ ਅਗਰਵਾਲ ਨੇ ਮੁੱਖ ਮਹਿਮਾਨਾਂ ਅਤੇ ਸੈਂਕੜੇ ਕਾਰੋਬਾਰੀਆਂ, ਡਾਕਟਰਾਂ, ਵਕੀਲਾਂ ਅਤੇ ਲੋਕਾਂ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਸਵਦੇਸ਼ੀ ਅਪਣਾਉਣ ਲਈ ਪ੍ਰਣ ਵੀ ਕਰਾਇਆ। -ਨਿੱਜੀ ਪੱਤਰ ਪ੍ਰੇਰਕ