ਪੱਤਰ ਪ੍ਰੇਰਕ
ਸਮਰਾਲਾ, 6 ਜੂਨ
ਮੈਕਸ ਆਰਥਰ ਮੈਕਾਲ਼ਿਫ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ‘ਵਾਤਾਵਰਨ ਦਿਵਸ’ ਮਨਾਇਆ ਗਿਆ। ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਨੇ ਅਧਿਆਪਕਾਂ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ ਬੈਠਿਆਂ ਹੀ ਆਪਣੇ ਮਾਪਿਆਂ ਦੀ ਦੇਖ ਦੇਖ ਵਿੱਚ ਵਾਤਾਵਰਨ ਸੰਭਾਲ ਸਬੰਧੀ ਵੱਖ-ਵੱਖ ਗਤੀਵਿਧੀਆਂ ਕੀਤੀਆਂ। ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਂਦਿਆਂ ਜਿੱਥੇ ਨਰਸਰੀ ਤੋਂ ਦੂਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਪਣੇ ਘਰਾਂ ਜਾਂ ਘਰਾਂ ਨੇੜਲੇ ਪਾਰਕਾਂ, ਬਗੀਚਿਆਂ ਵਿੱਚ ਪੌਦੇ ਲਗਾ ਕੇ ਉਨ੍ਹਾਂ ਦੀ ਰੋਜ਼ਾਨਾ ਦੇਖਭਾਲ ਕਰਨ ਦਾ ਪ੍ਰਣ ਕੀਤਾ ਉਥੇ ਹੀ ਤੀਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ‘ਪੌਦੇ ਸਾਡੇ ਵਾਤਾਵਰਨ ਨੂੰ ਸਾਫ ਤੇ ਹਰਾ ਕਿਵੇਂ ਰੱਖਦੇ ਹਨ’ ਵਿਸ਼ੇ ਉੱਤੇ ਭਾਸ਼ਣ ਪ੍ਰਤੀਯੋਗਤਾ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਕੇ ਸਮਾਜ ਨੂੰ ਆਪਣਾ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦਾ ਸੰਦੇਸ਼ ਵੀ ਦਿੱਤਾ। ਇਸੇ ਤਰ੍ਹਾਂ ਮਿਡਲ ਵਿੰਗ ਦੇ ਵਿਦਿਆਰਥੀਆਂ ਦੁਆਰਾ ਵੀ ਵਾਤਾਵਰਨ ਸੰਭਾਲ ਸੰਬੰਧੀ ਗਤੀਵਿਧੀਆਂ ਵਿੱਚ ਭਾਗ ਲੈਂਦਿਆਂ ਕੱਪੜੇ ਦੇ ਵੰਨਸੁਵੰਨੇ ਬੈਗ ਤਿਆਰ ਕਰਕੇ ਸਮਾਜ ਨੂੰ ਰੋਜ਼ਾਨਾ ਜੀਵਨ ਵਿੱਚ ਇਹੋ ਜਿਹੇ ਬੈਗਾਂ ਦੀ ਵਰਤੋਂ ਕਰਕੇ ਵਾਤਾਵਰਨ ਨੂੰ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਦਾ ਸੁਨੇਹਾ ਦਿੱਤਾ ਗਿਆ।
ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਸਾਡੀ ਧਰਤੀ ਮਾਂ ਦੀ ਸੁਰੱਖਿਆ‘ਵਿਸ਼ੇ ਉੱਤੇ ਅਧਾਰਿਤ ਵੱਖ-ਵੱਖ ਤਰ੍ਹਾਂ ਦੇ ਰਚਨਾਤਮਕ ਕੰਮ ਜਿਵੇਂ ਪੌਦੇ ਲਗਾਉਣਾ, ਆਪਣਾ ਆਲਾ- ਦੁਆਲਾ ਸਾਫ ਕਰਨਾ ਆਦਿ ਕਰਕੇ ਸਮਾਜ ਨੂੰ ਆਪਣਾ ਗ੍ਰਹਿ ਬਚਾਉਣ ਦਾ ਸੰਦੇਸ਼ ਦਿੱਤਾ ਗਿਆ। ਸਾਰੀਆਂ ਗਤੀਵਿਧੀਆਂ ਸਕੂਲ ਦੇ ਅਧਿਆਪਕਾਂ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਬੱਚਿਆਂ ਨੇ ਘਰੇ ਬੈਠ ਕੇ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਪੂਰੀਆਂ ਕੀਤੀਆਂ ਅਤੇ ਮਾਪਿਆਂ ਵੱਲੋਂ ਗਤੀਵਿਧੀ ਕਰਦੇ ਹੋਏ ਬੱਚਿਆਂ ਦੀਆਂ ਵੀਡੀਓ ਬਣਾ ਕੇ ਉਨ੍ਹਾਂ ਦੇ ਇੰਚਾਰਜ ਅਧਿਆਪਕਾਂ ਨੂੰ ਭੇਜੀਆਂ ਗਈਆਂ। ਅੰਤ ਵਿੱਚ ਸਕੂਲ ਪ੍ਰਿੰਸੀਪਲ ਡਾ.ਮੋਨਿਕਾ ਮਲਹੋਤਰਾ ਨੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਤੀਵਿਧੀਆਂ ਨੂੰ ਸਫਲਤਾ ਪੂਰਵਕ ਨਪੇਰੇ ਚੜਾਉਣ ਲਈ ਮਾਪਿਆਂ ਵੱਲੋਂ ਦਿੱਤੇ ਸਹਿਯੋਗ ਦੀ ਸਲਾਘਾ ਕਰਦਿਆਂ ਉਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।