ਵਿਦਿਆਰਥੀਆਂ ਨੂੰ ਕਾਗ਼ਜ਼ ਦੇ ਬਣੇ ਲਿਫ਼ਾਫ਼ੇ ਵਰਤਣ ਲਈ ਪ੍ਰੇਰਿਆ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 11 ਜੁਲਾਈ
ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ ਵਿਦਿਆਰਥੀਆਂ ਨੇ ਅੱਜ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਅਤੇ ਭਵਿੱਖ ਵਿੱਚ ਕਾਗ਼ਜ਼ ਦੇ ਲਿਫ਼ਾਫ਼ੇ ਵਰਤਣ ਦਾ ਸੰਕਲਪ ਦੁਹਰਾਇਆ। ਸਕੂਲ ਦੇ ਤੀਜੀ ਜਮਾਤ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕਾਗ਼ਜ਼ ਦੇ ਖ਼ੂਬਸੂਰਤ ਲਿਫ਼ਾਫ਼ੇ ਆਪਣੇ ਹੱਥੀ ਬਣਾ ਕੇ ਲਾਈ ਗਈ ਪ੍ਰਦਰਸ਼ਨੀ ਦੀ ਦਰਸ਼ਕਾਂ ਨੇ ਸ਼ਲਾਘਾ ਕੀਤੀ। ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਰਾਹੀਂ ਕੀਤੇ ਪ੍ਰਦਰਸ਼ਨਾਂ ਵਿੱਚ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੱਤਾ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਤਿਆਗ ਕਰਨ ਦਾ ਪ੍ਰਣ ਕੀਤਾ।
ਵਿਦਿਆਰਥੀਆਂ ਨੇ ਕਿਹਾ ਕਿ ਉਹ ਵਾਤਾਵਰਨ ਦੀ ਸੰਭਾਲ ਲਈ ਖ਼ੁਦ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣਾ ਯੋਗਦਾਨ ਪਾਉਣਗੇ। ਸਕੂਲ ਪ੍ਰਿੰਸੀਪਲ ਕਵਿਤਾ ਸ਼ਰਮਾ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੀਆਂ ਸਰਗਰਮੀਆਂ ਜਾਰੀ ਰੱਖਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਕਾਗ਼ਜ਼ ਦੇ ਲਿਫ਼ਾਫ਼ਿਆਂ ਦੀ ਵਰਤੋਂ ਧਰਤੀ ਨੂੰ ਬਚਾਉਣ ਅਤੇ ਮਨੁੱਖ ਸਮੇਤ ਹੋਰ ਪ੍ਰਾਣੀਆਂ ਦੇ ਜੀਵਨ ਲਈ ਲਾਭਦਾਇਕ ਹੈ ਜਦਕਿ ਪਲਾਸਟਿਕ ਦੀ ਵਰਤੋਂ ਨਾਲ ਹੋਣ ਵਾਲੀਆਂ ਰਸਾਇਣਿਕ ਕਿਰਿਆਵਾਂ ਵਾਤਾਵਰਨ ਨੂੰ ਜ਼ਹਿਰੀਲਾ ਬਣਾਉਂਦੀਆਂ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਆ।