ਸਫ਼ਾਈ ਨਾ ਰੱਖਣ ਵਾਲੇ ਰੇਹੜੀ-ਫੜ੍ਹੀ ਵਾਲਿਆਂ ’ਤੇ ਹੋਵੇਗੀ ਸਖ਼ਤੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੁਲਾਈ
ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਵੱਲੋਂ ਸ਼ਹਿਰ ਭਰ ਵਿੱਚ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤੇ ਗਏ ਸਖ਼ਤ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਦੇ ਤਹਿਬਾਜ਼ਾਰੀ ਅਤੇ ਸਿਹਤ ਸ਼ਾਖਾ ਦੇ ਅਧਿਕਾਰੀਆਂ ਨੂੰ ਰੇਹੜੀ-ਫੜ੍ਹੀ ਵਾਲਿਆਂ ਲਈ ਜਾਰੀ ਕੀਤੇ ਗਏ ਸਫ਼ਾਈ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ ਅਤੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਵੀਰਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫਤਰ ਵਿਖੇ ਇਸ ਸਬੰਧ ਵਿੱਚ ਸਿਹਤ ਅਤੇ ਤਹਿਬਾਜ਼ਾਰੀ ਸ਼ਾਖਾ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਸਹਾਇਕ ਕਮਿਸ਼ਨਰ ਗੁਰਪਾਲ ਸਿੰਘ, ਤਹਿਬਾਜ਼ਾਰੀ ਸੁਪਰਡੈਂਟ, ਨਿਗਮ ਸੈਨੀਟੇਸ਼ਨ ਅਫਸਰ (ਸੀ.ਐਸ.ਓ), ਮੁੱਖ ਸੈਨੇਟਰੀ ਇੰਸਪੈਕਟਰ (ਸੀ.ਐਸ.ਆਈ), ਸੈਨੇਟਰੀ ਇੰਸਪੈਕਟਰ ਸਮੇਤ ਹੋਰ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਸਨ।
ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਰੇਹੜੀ-ਫੜ੍ਹੀ ਵਾਲੇ ਆਪਣੀ ਰੇਹੜੀ ਦੇ ਆਲੇ-ਦੁਆਲੇ ਗਿੱਲੇ ਅਤੇ ਸੁੱਕੇ ਕੂੜੇ ਲਈ ਡਸਟਬਿਨ, ਡੱਬੇ ਰੱਖਣ ਅਤੇ ਕੋਈ ਵੀ ਕੂੜਾ ਖੁੱਲ੍ਹੇ ਵਿੱਚ ਨਾ ਸੁੱਟਿਆ ਜਾਵੇ, ਖਾਸ ਕਰਕੇ ਰੇਹੜੀਆਂ ਦੇ ਆਲੇ-ਦੁਆਲੇ। ਰੇਹੜੀ-ਫੜ੍ਹੀ ਵਾਲਿਆਂ ਨੂੰ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਹੀ ਕੂੜਾ ਸੌਂਪਣਾ ਚਾਹੀਦਾ ਹੈ ਜਾਂ ਰਾਤ ਨੂੰ ਆਪਣੀ ਰੇਹੜੀ ਬੰਦ ਕਰਨ ਤੋਂ ਬਾਅਦ ਨਿਰਧਾਰਤ ਥਾਵਾਂ (ਟਰਾਂਸਫਰ ਸਟੇਸ਼ਨ) ’ਤੇ ਕੂੜਾ ਸੁੱਟਣਾ ਚਾਹੀਦਾ ਹੈ। ਰੇਹੜੀ-ਫੜ੍ਹੀ ਵਾਲਿਆਂ ਨੂੰ ਕੂੜਾ ਸਾੜਨ, ਥੁੱਕਣ, ਜਨਤਕ ਥਾਵਾਂ ’ਤੇ ਪਿਸ਼ਾਬ ਕਰਨ, ਜਾਂ ਆਪਣੀਆਂ ਰੇਹੜੀਆਂ ’ਤੇ ਪਾਬੰਦੀਸ਼ੁਦਾ ਸਿੰਗਲ-ਯੂਜ਼ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਆਪਣੇ-ਆਪਣੇ ਇਲਾਕਿਆਂ ਵਿੱਚ ਸਫ਼ਾਈ ਨੂੰ ਲਾਗੂ ਕਰਨ ਵਿੱਚ ਅਸਫਲ ਰਹਿਣ ’ਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਵੀ ਹੋਵੇਗੀ।
ਹਾਲ ਹੀ ਵਿੱਚ, ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਇੱਕ ਆਦੇਸ਼ ਜਾਰੀ ਕੀਤਾ ਸੀ ਜਿਸ ਵਿੱਚ ਰੇਹੜੀ-ਫੜ੍ਹੀ ਵਾਲਿਆਂ ਨੂੰ ਆਪਣੀ ਰੇਹੜੀ ਦੇ ਆਲੇ-ਦੁਆਲੇ ਡਸਟਬਿਨ/ਡੱਬੇ ਅਤੇ ਸਫ਼ਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਨਹੀਂ ਤਾਂ ਉਲੰਘਣਾ ਕਰਨ ਵਾਲਿਆਂ ਵਿਰੁੱਧ 2000 ਰੁਪਏ ਤੱਕ ਦਾ ਚਲਾਨ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫ.ਆਈ.ਆਰ ਵੀ ਦਰਜ ਕੀਤੀ ਜਾ ਸਕਦੀ ਹੈ। ਨਗਰ ਨਿਗਮ ਦੇ ਸਿਹਤ ਅਤੇ ਤਹਿਬਾਜ਼ਾਰੀ ਸ਼ਾਖਾ ਦੇ ਸਬੰਧਤ ਅਧਿਕਾਰੀਆਂ ਨੂੰ ਤਾਲਮੇਲ ਨਾਲ ਕੰਮ ਕਰਨ ਅਤੇ ਨਿਯਮਤ ਤੌਰ ’ਤੇ ਫੀਲਡ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਗੈਰ-ਕਾਨੂੰਨੀ ਮੀਟ ਕਟਾਈ ਵਿਰੁੱਧ ਮੁਹਿੰਮ ਤੇਜ਼ ਕਰਨ ਦੇ ਨਿਰਦੇਸ਼
ਸਿਹਤ ਸ਼ਾਖਾ ਦੇ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਮੀਟ ਕਟਾਈ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਚਲਾਨ ਜਾਰੀ ਕਰਨ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਕੱਟੇ ਹੋਏ ਮੀਟ ਨੂੰ ਨਸ਼ਟ ਕਰਨ ਤੋਂ ਇਲਾਵਾ, ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਮਾਲਕ ਗੈਰ-ਕਾਨੂੰਨੀ ਮੀਟ ਕਟਾਈ ਨੂੰ ਬੰਦ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਮੀਟ ਦੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਜਾਵੇ। ਨਗਰ ਨਿਗਮ ਅਧਿਕਾਰੀਆ ਨੇ ਕਿਹਾ ਕਿ ਮੀਟ ਦੁਕਾਨਾਂ ਦੇ ਮਾਲਕਾਂ ਨੂੰ ਹੰਬੜਾਂ ਰੋਡ ’ਤੇ ਨਗਰ ਨਿਗਮ ਦੇ ਸਲਾਟਰ ਹਾਊਸ ਤੋਂ ਹੀ ਮੀਟ ਕਟਵਾਉਣਾ ਚਾਹੀਦਾ ਹੈ।