ਸਰਕਾਰੀ ਕਾਲਜ ’ਚ ਖੇਡ ਸਮਾਰੋਹ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਾਰਚ
ਸਰਕਾਰੀ ਕਾਲਜ ਲੁਧਿਆਣਾ ਈਸਟ ਵਿੱਚ ਅੱਜ ਤੀਜਾ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਸਾਇਨਾ ਅਤੇ ਅਜ਼ੀਮ ਸਰਵੋਤਮ ਅਥਲੀਟ ਐਲਾਨੇ ਗਏ। ਇਨ੍ਹਾਂ ਖੇਡਾਂ ਵਿੱਚ ਹਲਕਾ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਜਦਕਿ ਨਗਰ ਨਿਗਮ ਦੀ ਮੇਅਰ ਪ੍ਰਿੰ. ਇੰਦਰਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਪ੍ਰੋ. ਦੀਪਕ ਚੋਪੜਾ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਖੇਡਾਂ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਅਤੇ ਖਿਡਾਰੀਆਂ ਨੂੰ ਸਹੁੰ ਚੁਕਾਉਣ ਦੇ ਸਮਾਗਮ ਤੋਂ ਬਾਅਦ ਹੋਈ। ਸਹੁੰ ਚੁਕਾਉਣ ਦੀ ਰਸਮ ਖਿਡਾਰੀ ਵੀਰ ਦਵਿੰਦਰ ਸਿੰਘ ਨੇ ਨਿਭਾਈ। ਇਸ ਦੌਰਾਨ 100, 200 ਅਤੇ 400 ਮੀਟਰ ਦੌੜ, ਲੰਮੀ ਛਾਲ, ਗੋਲਾ ਸੁੱਟਣਾ ਤੋਂ ਇਲਾਵਾ ਰੌਚਕ ਖੇਡਾਂ ’ਚ ਤਿੰਨ ਟੰਗੀ ਦੌੜ, ਬੌਰੀ ਦੌੜ ਅਤੇ ਚਾਟੀ ਦੌੜ ਕਰਵਾਈ ਗਈ। ਮੁੱਖ ਮਹਿਮਾਨ ਵਿਧਾਇਕ ਗਰੇਵਾਲ ਅਤੇ ਨਗਰ ਨਿਗਮ ਮੇਅਰ ਪ੍ਰਿੰ. ਇੰਦਰਜੀਤ ਕੌਰ ਨੇ ਮੁਕਾਬਲਿਆਂ ਵਿੱਚੋਂ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਇਨਾਮ ਵੰਡੇ। ਉਨ੍ਹਾਂ ਨੇ ਇਨਾਮ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦੀਆਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਖੇਡਾਂ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਾ ਸਿਰਫ ਵਿਦਿਆਰਥੀਆਂ ਨੂੰ ਅਨੁਸ਼ਾਸਨ ਸਿਖਾਉਂਦੇ ਹਨ ਸਗੋਂ ਟੀਮ ਭਾਵਨਾ ਨਾਲ ਖੇਡਣ ਦੇ ਗੁਰ ਵੀ ਦੱਸਦੇ ਹਨ। ਖੇਡਾਂ ’ਚ ਲੜਕੀਆਂ ਵਿੱਚ ਸਾਇਨਾ ਅਤੇ ਲੜਕਿਆਂ ਵਿੱਚੋਂ ਮੁਹੰਮਦ ਅਜ਼ੀਮ ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਿੰਸੀਪਲ ਡਾ. ਕਜਲਾ, ਪ੍ਰਿੰ. ਬਲਵਿੰਦਰ ਕੌਰ, ਪੀਏਯੂ ਡੀਨ ਪ੍ਰੋ. ਮਾਨਵ ਗਿੱਲ, ਪ੍ਰੋ. ਪੂਰਨ ਸਿੰਘ, ਪ੍ਰੋ. ਸੁਰਿੰਦਰ ਖੰਨਾ ਅਤੇ ਪ੍ਰੋ. ਸੁਖਦੇਵ ਨੇ ਵੀ ਸ਼ਿਰਕਤ ਕੀਤੀ। ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਹਰਪ੍ਰੀਤ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ। ਵਾਈਸ ਪ੍ਰਿੰਸੀਪਲ ਪ੍ਰੋ. ਬਿਨੀਤਾ ਝਾਂਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਖੇਡਾਂ ਦੇ ਇੰਚਾਰਜ ਪ੍ਰੋ. ਚਾਹਤ ਮੋਂਗਾ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਪ੍ਰੀਤ ਕਮਲ ,ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸੋਨੀਆ ਤੇ ਪ੍ਰੋ. ਕਿਰਤਪ੍ਰੀਤ ਕੌਰ ਆਦਿ ਹਾਜ਼ਰ ਸਨ।