ਗੁਰਿੰਦਰ ਸਿੰਘ
ਲੁਧਿਆਣਾ, 26 ਸਤੰਬਰ
ਨਗਰ ਨਿਗਮ ਜ਼ੋਨ-ਸੀ ਅਧੀਨ ਪੈਂਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਗਿੱਲ ਰੋਡ ਦੀ ਤਿੰਨ ਮੰਜ਼ਿਲਾ ਇਮਾਰਤ ਦੀ ਖ਼ਸਤਾ ਹਾਲਤ ਕਾਰਨ ਦੁਕਾਨਦਾਰ ਪ੍ਰੇਸ਼ਾਨ ਹਨ ਕਿਉਂਕਿ ਪਹਿਲੀ ਅਤੇ ਦੂਜੀ ਮੰਜ਼ਿਲ ਦੀਆਂ ਦੁਕਾਨਾਂ ਦੀ ਮੁਰੰਮਤ ਨਾ ਹੋਣ ਕਾਰਨ ਇਮਾਰਤ ਵਿੱਚੋਂ ਲਗਾਤਾਰ ਸੀਮਿੰਟ ਅਤੇ ਮਲਬਾ ਡਿੱਗ ਰਿਹਾ ਹੈ।
ਤਿੰਨ ਮੰਜ਼ਿਲਾ ਇਮਾਰਤ ਵਿੱਚੋਂ ਤਕਰੀਬਨ ਦੋ ਮੰਜਿਲਾਂ ਤੱਕ ਗਰਾਊਂਡ ਫਲੋਰ ਤੇ ਦੁਕਾਨਦਾਰ ਅਤੇ ਉੱਪਰ ਵਾਲੀ ਮੰਜ਼ਿਲ ਤੇ ਸਰਕਾਰੀ ਦਫ਼ਤਰ ਹਨ ਜਦਕਿ ਉਸ ਤੋਂ ਉੱਪਰ ਜ਼ਿਆਦਾਤਰ ਦੁਕਾਨਾਂ ਖਾਲੀ ਹੋਣ ਕਰਕੇ ਉਨ੍ਹਾਂ ਦਾ ਕੋਈ ਰੱਖ-ਰਖਾਅ ਨਹੀਂ ਹੋ ਰਿਹਾ ਜਿਸ ਕਰਕੇ ਉਥੇ ਬਣੇ ਕਮਰਿਆਂ ਦੀ ਹਾਲਾਤ ਇੰਨੀ ਖ਼ਸਤਾ ਹੋ ਚੁੱਕੀ ਹੈ ਕਿ ਆਏ ਦਿਨ ਇਮਾਰਤ ਦਾ ਕੋਈ ਨਾ ਕੋਈ ਹਿੱਸਾ ਥੱਲੇ ਜ਼ਮੀਨ ’ਤੇ ਡਿੱਗਦਾ ਜਾ ਰਿਹਾ ਹੈ ਜਿਸ ਕਾਰਨ ਮਾਰਕੀਟ ਦੇ ਦੁਕਾਨਦਾਰ ਪ੍ਰੇਸ਼ਾਨ ਹਨ।
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਗਿੱਲ ਰੋਡ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਨੇ ਦੱਸਿਆ ਕਿ ਖ਼ਸਤਾ ਹਾਲਤ ਵਾਲੀ ਇਸ ਇਮਾਰਤ ਕਾਰਨ ਦੁਕਾਨਦਾਰ ਮੌਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਬਾਰੇ ਉਹ ਕਈ ਵਾਰ ਨਗਰ ਨਿਗਮ ਅਤੇ ਜ਼ੋਨ-ਸੀ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ ਪਰ ਇਸ ਗੰਭੀਰ ਮੁੱਦੇ ਵੱਲ ਹਾਲੇ ਤੱਕ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।
ਸ੍ਰੀ ਸਲੂਜਾ ਨੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਦੁਕਾਨਦਾਰਾਂ ਨੇ ਹੁਣ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅੱਗੇ ਆਪਣੇ ਦੁਖੜੇ ਰੱਖੇ ਹਨ। ਉਨ੍ਹਾਂ ਵਿਧਾਇਕ ਸਿੱਧੂ ਨੂੰ ਕਿਹਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦਿਆਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਣ ਤਾਂ ਜੋ ਇਸ ਇਮਾਰਤ ਦੀ ਜਲਦੀ ਤੋਂ ਜਲਦੀ ਮੁਰੰਮਤ ਹੋ ਸਕੇ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਨੂੰ ਬਚਾਇਆ ਜਾ ਸਕੇ। ਇਸ ਮੌਕੇ ਜਰਨੈਲ ਸਿੰਘ ਬੰਟੂ ਖੇੜਾ, ਜਤਿੰਦਰ ਸਿੰਘ ਬੌਬੀ, ਦਮਨਦੀਪ ਸਿੰਘ ਸਲੂਜਾ, ਅਵਤਾਰ ਸਿੰਘ, ਪ੍ਰੀਤ ਚਾਵਲਾ, ਰਮੇਸ਼ ਕੁਮਾਰ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਦਿਆਲ, ਇੰਦਰ ਡੰਗ, ਰਾਮਨਾਥ, ਪ੍ਰਿਤਪਾਲ ਸਿੰਘ ਡੰਗ, ਗੁਰਪ੍ਰੀਤ ਸਿੰਘ ਨੁਪੀ, ਹਰਨਾਮ ਸਿੰਘ, ਗੁਲਬੀਰ ਸਿੰਘ ਤੇ ਹੋਰ ਦੁਕਾਨਦਾਰ ਵੀ ਹਾਜ਼ਰ ਸਨ।
ਕੀ ਕਹਿੰਦੇ ਹਨ ਵਿਧਾਇਕ ਸਿੱਧੂ
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਨਗਰ ਨਿਗਮ ਜ਼ੋਨ ਸੀ ਦੇ ਅਧਿਕਾਰੀਆਂ ਤੱਕ ਦੁਕਾਨਦਾਰਾਂ ਦੀ ਮੁਸ਼ਕਲ ਪਹੁੰਚਾ ਦਿੱਤੀ ਗਈ ਹੈ ਅਤੇ ਐਕਸੀਅਨ ਐਚ ਸਿੰਗਲਾ ਨੇ ਭਰੋਸਾ ਦਿੱਤਾ ਹੈ ਕਿ ਨਗਰ ਨਿਗਮ ਵੱਲੋਂ ਇਸ ਦੀ ਮੁਰੰਮਤ ਕਰਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।