ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖ ਸੇਵਾਦਾਰ ਵਾਤਾਵਰਨ ਪ੍ਰੇਮੀ ਸੰਤ ਦਰਸ਼ਨ ਸਿੰਘ ਖਾਲਸਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿਥੇ ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਹੀ ਪ੍ਰਦੂਸ਼ਣ ਦੀ ਰੋਕਥਾਮ ਤੇ ਪਸ਼ੂ ਪੰਛੀਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਬਹੁਤ ਵੱਡਾ ਹੰਭਲਾ ਮਾਰਿਆ ਜਾ ਰਿਹਾ ਹੈ।
ਇਸੇ ਲੜੀ ਤਹਿਤ ਤਪੋਬਣ ਢੱਕੀ ਸਾਹਿਬ ਵਿੱਚ ਉਨ੍ਹਾਂ ਸੰਗਤ ਨੂੰ ਨਿੰਮ, ਟਾਹਲੀ, ਬਹੇੜਾ, ਅਰਜਨ, ਸੁਹਾਂਜਣਾ, ਸਾਗਵਾਨ, ਅੰਬ, ਜਾਮਣ, ਅਮਰੂਦ ਆਦਿ ਵੱਖ-ਵੱਖ ਕਿਸਮਾਂ ਦੇ ਛਾਂਦਾਰ ਤੇ ਫਲਦਾਰ ਬੂਟੇ ਵੰਡੇ। ਇਸ ਮੌਕੇ ਸੰਤ ਖਾਲਸਾ ਨੇ ਮਕਸੂਦੜਾ ਸ਼ਾਹਪੁਰ ਰੋਡ ’ਤੇ ਸੜਕ ਕੰਢੇ ਵੱਖ ਵੱਖ ਕਿਸਮਾਂ ਦੇ ਛਾਂਦਾਰ ਬੂਟੇ ਲਗਾਏ। ਇਸ ਮੌਕੇ ਸੰਤ ਖਾਲਸਾ ਨੇ ਕਿਹਾ ਕਿ ਰੁੱਖਾਂ ਨਾਲ ਮਨੁੱਖ ਦਾ ਆਦਿ ਕਾਲ ਤੋਂ ਹੀ ਬੜਾ ਗੂੜਾ ਸਬੰਧ ਹੈ ਜੋ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਸਹਾਈ ਹੁੰਦੇ ਹਨ। ਮਹਾਂਪੁਰਸ਼ਾਂ ਨੇ ਕਿਹਾ ਕਿ ਜਿੱਥੇ ਰੁੱਖ ਲਗਾਉਣੇ ਜ਼ਰੂਰੀ ਹਨ ਉੱਥੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ ਉਸ ਤੋਂ ਵੀ ਵੱਧ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਹ ਰੁੱਖ ਹੀ ਪੰਛੀਆਂ ਦੇ ਰੈਣ ਬਸੇਰੇ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਬੂਟੇ ਨਾ ਲਗਾਏ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਰੁੱਖਾਂ ਦੀ ਘਾਟ ਕਰਕੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਮੌਕੇ ਢੱਕੀ ਸਾਹਿਬ ਦੇ ਸਮੂਹ ਸੇਵਾਦਾਰ ਭਾਈ ਗੁਰਦੀਪ ਸਿੰਘ, ਭਾਈ ਕੁਲਵੰਤ ਸਿੰਘ , ਜੀਤ ਸਿੰਘ ਮਕਸੂਦੜਾ, ਸੁਰਿੰਦਰ ਸਿੰਘ ਢੰਡਾਰੀ, ਜਸਵਿੰਦਰ ਸਿੰਘ ਗੁੱਜਰਵਾਲ, ਬਲਵੰਤ ਸਿੰਘ ਸ਼ਾਹਪੁਰ, ਜਸਵਿੰਦਰ ਸਿੰਘ ਰਾਜੀ ਮਕਸੂਦੜਾ, ਭੁਪਿੰਦਰ ਸਿੰਘ ਰਾਣੋ, ਕੁਲਵਿੰਦਰ ਸਿੰਘ ਚੀਮਾ ਪਾਇਲ, ਬਲਵੀਰ ਸਿੰਘ ਸ਼ਾਹਪੁਰ, ਰਵਿੰਦਰ ਸਿੰਘ ਘੁਡਾਣੀ ਵੀ ਹਾਜ਼ਰ ਸਨ।