ਸਤਵਿੰਦਰ ਬਸਰਾ
ਲੁਧਿਆਣਾ, 29 ਜੂਨ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਭਾਵੇਂ ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਨਵੀਆਂ ਸੜਕਾਂ ਬਣੀਆਂ ਪਰ ਇਸ ਵਾਰ ਬਰਸਾਤੀ ਮੌਸਮ ਅਗਾਊਂ ਸ਼ੁਰੂ ਹੋਣ ਨਾਲ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਸੜਕਾਂ ਦੀ ਹਾਲਤ ਖਸਤਾ ਹੋ ਗਈ ਹੈ। ਇਨ੍ਹਾਂ ਸੜਕਾਂ ’ਤੇ ਥਾਂ-ਥਾਂ ਡੂੰਘੇ ਟੋਏ ਪੈ ਜਾਣ ਕਰਕੇ ਆਵਾਜਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ। ਕਈ ਥਾਵਾਂ ’ਤੇ ਇਹ ਟੋਏ ਹਾਦਸਿਆਂ ਦਾ ਕਾਰਨ ਵੀ ਬਣਨ ਲੱਗੇ ਹਨ।
ਸਮਾਰਟ ਸ਼ਹਿਰਾਂ ਵਿੱਚ ਗਿਣੇ ਜਾਂਦੇ ਲੁਧਿਆਣਾ ਵਿੱਚ ਬਹੁਤ ਵਿਕਾਸ ਦੇ ਕੰਮ ਸਮੇਂ ਸਮੇਂ ’ਤੇ ਹੁੰਦੇ ਰਹਿੰਦੇ ਹਨ। ਕਈ ਨਵੀਆਂ ਸੜਕਾਂ ਹੇਠੋਂ ਸੀਵਰੇਜ ਜਾਂ ਤਾਰਾਂ ਆਦਿ ਦੇ ਕੁਨੈਕਸ਼ਨ ਦੇਣ ਕਰਕੇ ਖਰਾਬ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਰਹਿੰਦੀ ਕਸਰ ਕਰੀਬ ਇੱਕ ਹਫਤਾ ਪਹਿਲਾਂ ਸ਼ੁਰੂ ਹੋਈਆਂ ਬਰਸਾਤਾਂ ਨੇ ਕੱਢ ਦਿੱਤੀ ਹੈ।
ਔਸਤਨ ਬਰਸਾਤੀ ਮੌਸਮ ਜੁਲਾਈ ਦੇ ਪਹਿਲੇ ਜਾਂ ਦੂਜੇ ਹਫਤੇ ਵਿੱਚ ਸ਼ੁਰੂ ਹੁੰਦਾ ਸੀ ਪਰ ਇਸ ਵਾਰ ਇਹ ਜੂਨ ਦੇ ਅੱਧ ਵਿੱਚਕਾਰ ਹੀ ਸ਼ੁਰੂ ਹੋ ਗਿਆ। ਆਏ ਦਿਨ ਆਉਂਦੇ ਇਸ ਮੀਂਹ ਕਾਰਨ ਵੀ ਸ਼ਹਿਰ ਅਤੇ ਆਸ-ਪਾਸ ਪੈਂਦੇ ਇਲਾਕਿਆਂ ਚੂਹੜ੍ਹਪੁਰ ਰੋਡ, ਬਚਨ ਸਿੰਘ ਰੋਡ, ਗਊਸ਼ਾਲਾ ਰੋਡ, ਸੁੰਦਰ ਨਗਰ, ਹੰਬੜਾ ਰੋਡ, ਟਿੱਬਾ ਰੋਡ, ਬਾਬਾ ਥਾਨ ਸਿੰਘ ਚੌਂਕ, ਸ਼ਿੰਗਾਰ ਸਿਨੇਮਾ ਰੋਡ, ਤਾਜਪੁਰ ਡੇਅਰੀ ਕੰਪਲੈਕਸ, ਸ਼ਿਵਾਜੀ ਨਗਰ, ਸਮਰਾਲਾ ਚੌਂਕ-ਜਲੰਧਰ ਰੋਡ, ਟ੍ਰਾਂਸਪੋਰਟ ਨਗਰ, ਮੋਤੀ ਨਗਰ ਆਦਿ ਦੀਆਂ ਸੜਕਾਂ ਥਾਂ-ਥਾਂ ਤੋਂ ਟੁੱਟ ਚੁੱਕੀਆਂ ਹਨ। ਇਨ੍ਹਾਂ ਸੜਕਾਂ ’ਤੇ ਪਏ ਡੂੰਘੇ ਅਤੇ ਵੱਡੇ ਟੋਏ ਥੋੜ੍ਹਾ ਜਿਹਾ ਮੀਂਹ ਪੈਣ ਤੇ ਪਾਣੀ ਨਾਲ ਭਰ ਜਾਂਦੇ ਹਨ ਜੋ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਇਹ ਟੁੱਟੀਆਂ ਸੜਕਾਂ ਪੈਦਲ ਰਾਹਗੀਰਾਂ ਦੇ ਨਾਲ ਨਾਲ ਦੋ ਪਹੀਆ ਚਾਲਕਾਂ ਲਈ ਵੱਡੀ ਸਿਰਦਰਦੀ ਬਣੀਆਂ ਹੋਈਆਂ ਹਨ। ਪ੍ਰਸਾਸ਼ਨ ਵੱਲੋਂ ਕਈ ਸੜਕਾਂ ’ਤੇ ਭਾਵੇਂ ਮਿੱਟੀ ਅਤੇ ਬਜ਼ਰੀ ਪਾ ਕੇ ਇਨ੍ਹਾਂ ਟੋਇਆਂ ਨੂੰ ਪੂਰਿਆ ਵੀ ਗਿਆ ਪਰ ਮੀਂਹ ਪੈਣ ’ਤੇ ਇਹ ਦੁਬਾਰਾ ਟੋਇਆਂ ਵਿੱਚ ਬਦਲ ਕੇ ਲੋਕਾਂ ਦੀ ਪ੍ਰੇੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ।
ਕੈਪਸ਼ਨ: -ਫੋਟੋ: ਅਸ਼ਵਨੀ ਧੀਮਾਨ