ਆਈਟੀਆਈ ਜੱਸੋਵਾਲ ਕੁਲਾਰ ਦੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ
ਸਰਕਾਰੀ ਆਈਟੀਆਈ ਪਿੰਡ ਜੱਸੋਵਾਲ (ਕੁਲਾਰ) ਵਿੱਚ ਲੰਬੇ ਸਮੇਂ ਤੋਂ ਠੇਕੇਦਾਰ ਪ੍ਰਣਾਲੀ ਅਧੀਨ ਮਾਮੂਲੀ ਤਨਖਾਹਾਂ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੇ ਸਰਕਾਰ ਦੀ ਲਗਾਤਾਰ ਅਣਦੇਖੀ ਖ਼ਿਲਾਫ਼ ਸਘੰਰਸ਼ ਵਿੱਢ ਦਿੱਤਾ ਹੈ। ਮੁਲਾਜ਼ਮਾਂ ਨੇ ਅੱਜ ਸੰਸਥਾ ਦੇ ਗੇਟ ’ਤੇ ਰੈਲੀ ਕੀਤੀ ਜਿਸ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਰਾਜ ਸਿੰਘ, ਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਇੰਦਰਜੀਤ ਸਿੰਘ ਤੇ ਪਰਮਜੀਤ ਕੌਰ ਨੇ ਕਿਹਾ ਕਿ ਮੁਲਾਜ਼ਮ ਆਗੂ ਪਿਛਲੇ 15/16 ਸਾਲਾਂ ਤੋਂ ਸਮੇਂ-ਸਮੇਂ ਸਰਕਾਰ ਨਾਲ ਗੱਲਬਾਤ ਰਾਂਹੀ ਆਪਣੇ ਮਸਲਿਆਂ ਦਾ ਹੱਲ ਕਰਨ ਲਈ ਯਤਨਾ ਵਿੱਚ ਸਨ ਪਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਹੁਣ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਮੁਲਾਜ਼ਮ ਗਰੁੱਪ (ਬੀ) ਕੈਟਾਗਿਰੀ ਅਧੀਨ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ, ਜਦਕਿ ਸਰਕਾਰ ਗਰੁੱਪ ਸੀ ਤੇ ਅਤੇ ਡੀ ਨੂੰ ਕਿੱਤੇ ਵੱਧ ਤਨਖਾਹਾਂ ਦੇ ਰਹੀ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਕੋਈ ਸਾਲਾਨਾ ਭੱਤਾ ਤੇ ਔਰਤਾਂ ਨੂੰ ਜਣੇਪਾ ਛੁੱਟੀ ਤੱਕ ਦੀ ਸਹੂਲਤ ਨਹੀਂ ਹੈ।
ਮੁਲਾਜ਼ਮ ਆਗੂਆਂ ਨੇ ਰੋਸ ਜ਼ਾਹਰ ਕੀਤਾ ਕਿ ਹੁਣ ਤੱਕ ਉਹ ਆਪਣੀਆਂ ਮੰਗਾਂ ਸਬੰਧੀ ਲਗਪਗ 50 ਵਾਰ ਮੁੱਖ ਮੰਤਰੀ ਦਫਤਰ ਦੇ ਗੇੜੇ ਮਾਰ ਚੁੱਕੇ ਹਨ, ਤੇ ਸਬੰਧਤ ਸਾਰੇ ਮੰਤਰੀਆਂ ਤੇ ਅਧਿਕਰੀਆਂ ਨੂੰ ਕਈ ਵਾਰ ਪੱਤਰ ਭੇਜੇ ਗਏ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਗੇਟ ਰੈਲੀ ਵਿੱਚ ਹਾਜ਼ਰ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਹੱਕਾਂ ਦੀ ਪ੍ਰਾਪਤੀ ਲਈ ਸਘੰਰਸ਼ ਤਿੱਖਾ ਕਰਨ ਦਾ ਐਲਾਨ ਕੀਤਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੁਣਵਾਈ ਨਾ ਕੀਤੀ ਤਾਂ ਅਗਲੇ ਦਿਨਾਂ ’ਚ ਸਰਕਾਰੀ ਮੰਤਰੀਆਂ-ਸੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਜੇਕਰ ਫਿਰ ਵੀ ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ ਤਾਂ ਪੱਕਾ ਮੋਰਚਾ ਲਗਾਇਆ ਜਾਵੇਗਾ।