ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਜੁਲਾਈ
ਆਲ ਇੰਡੀਆ ਤੇਰਾਪੰਥ ਯੁਵਕ ਪਰਿਸ਼ਦ ਵਲੋਂ ਦੇਸ਼ ਭਰ ਵਿੱਚ ਲਾਏ ਜਾਣ ਵਾਲੇ ਖੂਨਦਾਨ ਕੈਂਪ ਦੀਆਂ ਤਿਆਰੀਆਂ ਅਗਾਊਂ ਆਰੰਭ ਦਿੱਤੀਆਂ ਗਈਆਂ ਹਨ। ਪਰਿਸ਼ਦ ਦੇ ਜਗਰਾਉਂ ਪ੍ਰਧਾਨ ਵੈਭਵ ਜੈਨ ਤੇ ਵਿਸ਼ਾਲ ਜੈਨ ਨੇ ਦੱਸਿਆ ਕਿ ਕੌਮੀ ਪ੍ਰਧਾਨ ਰਮੇਸ਼ ਡਾਗਾ ਦੀ ਅਗਵਾਈ ਹੇਠ ਇਹ ਦੂਜਾ ਖੂਨਦਾਨ ਅੰਮ੍ਰਿਤ ਮਹਾਉਤਸਵ ਭਾਰਤ ਸਰਕਾਰ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ 17 ਸਤੰਬਰ ਨੂੰ 362 ਸ਼ਾਖਾਵਾਂ ਵਿੱਚ ਲਾਇਆ ਜਾਵੇਗਾ। ਅੱਜ ਇੱਥੇ ਪੁਲੀਸ ਕਪਤਾਨ ਹਰਕਮਲ ਕੌਰ ਨੇ ਖੂਨਦਾਨ ਕੈਂਪ ਦਾ ਬੈਨਰ ਜਾਰੀ ਕੀਤਾ। ਕੌਮੀ ਜਨਰਲ ਸਕੱਤਰ ਅਮਿਤ ਨਾਹਟਾ ਨੇ ਕਿਹਾ ਕਿ ਸੰਸਥਾ ਨੇ ਸਾਲ 2022 ਵਿੱਚ ਇਕ ਦਿਨ ਵਿੱਚ 6000 ਤੋਂ ਵਧੇਰੇ ਖੂਨਦਾਨ ਕੈਂਪ ਲਗਾ ਕੇ ਅਤੇ 2.5 ਲੱਖ ਤੋਂ ਵੱਧ ਯੂਨਿਟ ਖੂਨ ਇਕੱਠਾ ਕਰਕੇ ਰਿਕਾਰਡ ਬਣਾਇਆ। ਪਰਉਪਕਾਰੀ ਕੰਮਾਂ ਕਾਰਨ ਨਾਮ ਗਿੰਨੀਜ਼ ਬੁੱਕ ਆਫ਼ ਰਿਕਾਰਡਜ਼, ਵਰਲਡ ਬੁੱਕ ਆਫ਼ ਰਿਕਾਰਡਜ਼, ਏਸ਼ੀਆ ਬੁੱਕ ਆਫ਼ ਰਿਕਾਰਡਜ਼, ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੈ। ਉਪ ਪ੍ਰਧਾਨ ਰਿਪਨ ਜੈਨ ਪਾਟਨੀ ਨੇ ਕਿਹਾ ਕਿ ਦੇਸ਼ ਵਿੱਚ ਇਸ ਵਾਰ ਅੱਠ ਹਜ਼ਾਰ ਤੋਂ ਵੱਧ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਰਵੀਨ ਗੋਇਲ, ਉਪਕਾਰ ਸਿੰਘ ਸੰਧੂ, ਰਾਕੇਸ਼ ਬਾਂਸਲ, ਵਿਕਾਸ ਜੈਨ ਅਤੇ ਪ੍ਰਤਯਕਸ਼ ਜੈਨ ਪਾਟਨੀ ਮੌਜੂਦ ਸਨ।