ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਜੂਨ
ਹਰ ਸਾਲ ਵਾਂਗ ਇਸ ਵਾਰ ਵੀ ਭਗਵਾਨ ਜਗਨਨਾਥ ਦੀ 9ਵੀਂ ਰੱਥ ਯਾਤਰਾ ਖੰਨਾ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਪਹਿਲੀ ਜੁਲਾਈ ਨੂੰ ਸਜਾਈ ਜਾਵੇਗੀ ਜਿਸ ਦੀਆਂ ਤਿਆਰੀਆਂ ਪੂਜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਅੱਜ ਇਕ ਵਿਸ਼ੇਸ਼ ਮੀਟਿੰਗ ਪਵਨ ਸਚਦੇਵਾ ਦੀ ਪ੍ਰਧਾਨਗੀ ਹੇਠਾਂ ਹੋਈ। ਉਨ੍ਹਾਂ ਕਿਹਾ ਕਿ ਪਵਿੱਤਰ ਰੱਥ ਯਾਤਰਾ 1 ਜੁਲਾਈ ਨੂੰ ਦੁਪਹਿਰ ਸਮੇਂ ਅਮਲੋਹ ਰੋਡ ਤੋਂ ਅਰੰਭ ਹੋਵੇਗੀ ਜੋ ਬੱਸ ਸਟੈਂਡ, ਰੇਲਵੇ ਰੋਡ, ਕਲਗੀਧਰ ਚੌਂਕ, ਸਮਰਾਲਾ ਚੌਂਕ, ਮਲੇਰਕੋਟਲਾ ਰੋਡ, ਲਲਹੇੜੀ ਰੋਡ ਅਤੇ ਵੱਖ ਵੱਖ ਬਜਾਰਾਂ ਵਿਚੋਂ ਹੁੰਦੀ ਹੋਈ ਮੁੜ ਸਮਾਧੀ ਰੋਡ ਤੇ ਆ ਕੇ ਸਮਾਪਤ ਹੋਵੇਗੀ।
ਇਸ ਯਾਤਰਾ ਤੋਂ ਪਹਿਲਾਂ 28 ਤੋਂ 30 ਜੂਨ ਨੂੰ ਪ੍ਰਭਾਤ ਫ਼ੇਰੀ ਤੇ ਸੰਧਿਆ ਫੇਰੀ ਸਜਾਈ ਜਾਵੇਗੀ ਜਿਸ ਵਿਚ ਭਜਨ ਕੀਰਤਨ ਅਤੇ ਧਾਰਮਿਕ ਪ੍ਰੋਗਰਾਮ ਕੀਤੇ ਜਾਣਗੇ। ਇਸ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦੋਂ ਕਿ ਸੰਸਦ ਮੈਂਬਰ ਡਾ.ਅਮਰ ਸਿੰਘ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ, ਐੱਸਐੱਸਪੀ ਜੋਤੀ ਯਾਦਵ, ਏਡੀਸੀ ਸ਼ਿਖਾ ਭਗਤ ਅਤੇ ਐਸਡੀਐਮ ਡਾ.ਬਲਜਿੰਦਰ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਨਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਯਾਤਰਾ ਵਿਚ ਹਿੱਸਾ ਲੈਣ ਅਤੇ ਭਗਵਾਨ ਜਗਨਨਾਥ ਤੋਂ ਆਸ਼ੀਰਵਾਦ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਸੁਰੱਖਿਆ ਅਤੇ ਆਵਾਜਾਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਸੁਸ਼ੀਲ ਕੁਮਾਰ ਸ਼ੀਲਾ, ਡਾ.ਵਾਸੂਦੇਵ ਬੱਤਰਾ, ਹਰਵਿੰਦਰ ਸ਼ੰਟੂ, ਡਾ.ਰਾਜੀਵ ਰੇਹਾਨ, ਦਲਜੀਤ ਥਾਪਰ, ਵਿਸ਼ਾਲ ਬੌਬੀ, ਸੰਜੀਵ ਸ਼ਰਮਾ, ਨੀਰਜ ਵਰਮਾ, ਗੌਤਮ ਢੰਡ, ਵਿਕਰਮ ਸਵਾਮੀ, ਰਾਜ ਕੁਮਾਰ ਮੈਨਰੋ, ਚੰਦਨ ਮਨੀ, ਵਿਪਲੀਸ਼ ਘੁੰਮਣ, ਡਾ.ਜੈਦਕਾ, ਗੌਤਮ ਤਿਵਾੜੀ, ਨਿਖਿਲ ਲਾਂਬਾ ਤੇ ਹੋਰ ਹਾਜ਼ਰ ਸਨ।