ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਦੇ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ
ਗੁਰਿੰਦਰ ਸਿੰਘ
ਲੁਧਿਆਣਾ, 6 ਜੂਨ
ਜਵੱਦੀ ਟਕਸਾਲ ਵਿੱਚ ਅੱਜ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ’ਤੇ ਜੂਨ 1984 ਵਿੱਚ ਫੌਜੀ ਹਮਲੇ ਦੌਰਾਨ ਸ਼ਹੀਦ ਹੋਣ ਵਾਲਿਆਂ ਦੀ ਯਾਦ ਵਿੱਚ ਅਰਦਾਸ ਸਮਾਗਮ ਕੀਤਾ ਗਿਆ ਜਿਸ ਵਿੱਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਵਰਕਰਾਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਘੱਲੂਘਾਰੇ ਦੇ ਸ਼ਹੀਦਾਂ ਨਮਿਤ ਰੱਖੇ ਆਖੰਡ ਪਾਠ ਦੇ ਭੋਗ ਪਾਏ ਗਏ ਤੇ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਬੀਰ ਰਸ ਨਾਲ ਭਰਪੂਰ ਸ਼ਬਦਾਂ ਦੇ ਕੀਰਤਨ ਕੀਤੇ। ਮਗਰੋਂ ਸੰਤ ਅਮੀਰ ਸਿੰਘ ਨੇ ਅਰਦਾਸ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸੁਘੜ ਪੰਥ ਹਿਤੈਸ਼ੀ ਮਿਲ ਬੈਠ ਕੇ ਵਰਤਮਾਨ ਢਾਂਚੇ ਦੀ ਡੂੰਘੀ ਘੋਖ ਪੜਤਾਲ ਕਰਨ ਅਤੇ ਸੁਧਾਰ ਹਿਤ ਗੁਣਾਂ ਦੀ ਸਾਂਝ ਪਾਉਣ। ਉਨ੍ਹਾਂ ਕਿਹਾ ਸਿੱਖ ਕੌਮ ਦੇ ਆਗੂਆਂ ਨੇ ਇਸ ਘੱਲੂਘਾਰੇ ਤੋਂ ਲੋੜੀਂਦਾ ਸਬਕ ਨਹੀਂ ਸਿੱਖਿਆ ਅਤੇ ਉਹ ਆਪੋ-ਆਪਣੇ ਨਿੱਜੀ ਜਾਂ ਜਾਤੀ ਮੁਫ਼ਾਦ ਲਈ ਖੇਰੂ-ਖੇਰੂ ਹੋਏ ਫਿਰਦੇ ਹਨ। ਉਨ੍ਹਾਂ ਕਿਹਾ ਕਿ ਸਵਾਰਥ ਲਬ, ਲੋਭ, ਹੰਕਾਰ ਬਿਰਤੀ ਆਦਿ ਦਾ ਵਰਤਾਰਾ ਜ਼ੋਰ ਪਕੜਦਾ ਦਾ ਜਾ ਰਿਹਾ ਹੈ। ਸਾਡੀਆਂ ਕਮੀਆਂ ਅਤੇ ਕਮਜ਼ੋਰੀਆਂ ਕਰਕੇ ਬਹੁਤ ਸਾਰੀਆਂ ਬੁਰਾਈਆਂ ਅਤੇ ਕੁਰੀਤੀਆਂ ਸਾਡੇ ਸਿੱਖ ਸਮਾਜ ਅੰਦਰ ਘੁਸਪੈਠ ਕਰ ਚੁੱਕੀਆਂ ਹਨ। ਜਿਸ ਕਰਕੇ ਸਾਡਾ ਸਿੱਖੀ ਕਿਰਦਾਰ ਢਿੱਲਾ ਪੈਂਦਾ ਜਾ ਰਿਹਾ ਹੈ ਅਤੇ ਇਸੇ ਕਰਕੇ ਹੀ ਸਿੱਖੀ ਦੇ ਬਾਹਰੋਂ ਹਮਲਾਵਰ ਸ਼ਕਤੀਆਂ ਤੇ ਅੰਦਰੋਂ ਲੁਕਵੇਂ ਪੱਖੋਂ ਅੰਦਰੂਨੀ ਸ਼ਕਤੀਆਂ ਦੇ ਹੌਸਲੇ ਦਿਨੋ-ਦਿਨ ਵਧ ਰਹੇ ਹਨ। ਧਰਮ ਤੇ ਭਾਰੂ ਹੋ ਰਹੀ ਸਿਆਸਤ ਨੇ ਸਿੱਖੀ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਦਿੱਤਾ ਹੈ ਅਤੇ ਚੌਧਰ ਦੀ ਭੁੱਖ ਕਰਕੇ ਪੰਥਕ ਜਥੇਬੰਦੀਆਂ ਵਿੱਚ ਫੁੱਟ ਤੇ ਧੜੇਬੰਦੀ ਦਾ ਵਰਤਾਰਾ ਵਿਕਰਾਲ ਰੂਪ ਧਾਰਨ ਕਰ ਚੁੱਕਾ ਹੈ। ਜਿਸਨੂੰ ਠੱਲ ਪਾਉਣ ਲਈ ਪੰਥਕ ਸੋਚ ਦੇ ਧਾਰਨੀਆਂ ਨੂੰ ਸੋਚਣਾ ਚਾਹੀਦਾ ਹੈ।
ਇਸ ਮੌਕੇ ਭਾਈ ਮੇਜਰ ਸਿੰਘ ਖਾਲਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨੇ ਕਿਹਾ ਕਿ ਸਿੱਖਾਂ ਦੀ ਮਾਰਸ਼ਲ ਸਪਿਰਟ ਖ਼ਤਮ ਕਰਨ ਦੀ ਨੀਤੀ ਤਹਿਤ ਸਰਕਾਰ ਨੇ ਸਾਡੇ ਹੱਕਾਂ ਨੂੰ ਦਬਾਉਣ ਲਈ ਇਹ ਘੱਲੂਘਾਰਾ ਕੀਤਾ ਜਿਸ ਕਰਕੇ ਸਾਡਾ ਹਰ ਪੱਖ ਤੋਂ ਨੁਕਸਾਨ ਹੋਇਆ ਹੈ। ਭਾਈ ਬਲਜੀਤ ਸਿੰਘ ਬੀਤਾ ਕੋਆਡੀਨੇਟਰ, ਮੁੱਖ ਬੁਲਾਰਾ ਜਸਪਾਲ ਸਿੰਘ, ਭਾਈ ਇੰਦਰਜੀਤ ਸਿੰਘ ਸਾਗਰ, ਦਲਬੀਰ ਸਿੰਘ ਮੱਕੜ ਤੇ ਹੋਰ ਹਾਜ਼ਰ ਸਨ।