ਪੁਲੀਸ ਕਮਿਸ਼ਨਰ ਵੱਲੋਂ ਮੁਹੱਲਾ ਪੀਰੂਬੰਦਾ ’ਚ ਛਾਪੇ
ਗਗਨਦੀਪ ਅਰੋੜਾ
ਲੁਧਿਆਣਾ, 13 ਮਈ
ਲੁਧਿਆਣਾ ਪੁਲੀਸ ਨੇ ਅਪਰੇਸ਼ਨ ਕਾਸੋ ਤਹਿਤ ਅੱਜ ਸਵੇਰੇ ਤੜਕਸਾਰ ਸਲੇਮ ਟਾਬਰੀ ਦੇ ਮੁਹੱਲਾ ਪੀਰੂਬੰਦਾ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਕਾਰਵਾਈ ਦੀ ਕਮਾਨ ਖ਼ੁਦ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਸੰਭਾਲੀ ਤੇ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਉਨ੍ਹਾਂ ਦੇ ਨਾਲ ਸਨ। ਪੁਲੀਸ ਨੇ ਸਵੇਰੇ ਚਾਰ ਵਜੇ ਦੇ ਕਰੀਬ ਇਲਾਕੇ ਵਿੱਚ ਤਲਾਸ਼ੀ ਲਈ, ਹਰ ਘਰ ਦਾ ਦਰਵਾਜ਼ਾ ਖੜ੍ਹਕਾ ਕੇ ਪੁਲੀਸ ਨੇ ਘਰ ਅੰਦਰ ਤਲਾਸ਼ੀ ਲਈ। ਜਿਸ ਵੇਲੇ ਪੁਲੀਸ ਨੇ ਇਹ ਕਾਰਵਾਈ ਕੀਤੀ, ਉਸ ਵੇਲੇ ਲੋਕ ਆਪਣੇ ਘਰਾਂ ਵਿੱਚ ਆਰਾਮ ਦੇ ਨਾਲ ਸੌਂ ਰਹੇ ਸਨ ਤੇ ਇੱਕੋ ਵਾਰ ਸੈਂਕੜੇ ਪੁਲੀਸ ਮੁਲਾਜ਼ਮ ਲੈ ਕੇ ਪੁਲੀਸ ਨੇ ਛਾਪੇ ਮਾਰੇ ਅਤੇ ਹਰ ਘਰ ਦੀ ਤਲਾਸ਼ੀ ਲਈ। ਪੁਲੀਸ ਨੇ ਇਸ ਦੌਰਾਨ ਚਾਰ ਵਿਅਕਤੀਆਂ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਜਦਕਿ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।
ਪੁਲੀਸ ਨੇ ਗ੍ਰਿਫ਼ਤਾਰ ਚਾਰ ਨਸ਼ਾ ਤਸਕਰਾਂ ਤੋਂ 365 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਨ੍ਹਾਂ ਸਾਰਿਆਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਨੂੰ ਕੁੱਝ ਸਮੇਂ ਤੋਂ ਲਗਾਤਾਰ ਸੂਚਨਾ ਮਿਲ ਰਹੀ ਸੀ ਕਿ ਮੁਹੱਲਾ ਪੀਰੂਬੰਦਾ ਵਿੱਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਜਿਸ ਤੋਂ ਬਾਅਦ ਪੁਲੀਸ ਨੇ ਅੱਜ ਤੜਕੇ ਚਾਰ ਵਜੇ ਪੁਲੀਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਇਸ ਇਲਾਕੇ ਵਿੱਚ ਆਪਰੇਸ਼ਨ ਕਾਸੋ ਤਹਿਤ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਨਿਊ ਅਸ਼ੋਕ ਨਗਰ ਦੇ ਸਾਹਿਲ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਚਾਲੀ ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ ਮੁਹੱਲਾ ਓਮ ਪਾਰਕ ਕਲੋਨੀ ਵਾਸੀ ਸੰਜੀਵ ਕੁਮਾਰ ਉਰਫ਼ ਸੋਨੂੰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 120 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ ਨਿਊ ਸ਼ਿਵਪੁਰੀ ਇਲਾਕੇ ਦੇ ਵਾਸੀ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸਦੇ ਕਬਜ਼ੇ ਵਿੱਚੋਂ 155 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਡੇਰਾ ਬਾਜ਼ੀਗਰ ਦੇ ਮਹਿਕਪ੍ਰੀਤ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕਰ ਉਸ ਦੇ ਕਬਜ਼ੇ ਵਿੱਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਦੌਰਾਨ ਡੀਸੀਪੀ ਕ੍ਰਾਈਮ ਹਰਪਾਲ ਸਿੰਘ, ਏਡੀਸੀਪੀ ਸਮੀਰ ਵਰਮਾ, ਕਈ ਏਸੀਪੀਜ਼ ਅਤੇ ਪੁਲੀਸ ਥਾਣੇ ਦੇ ਐੱਸਐੱਚਓ ਅਤੇ 100 ਦੇ ਕਰੀਬ ਪੁਲੀਸ ਮੁਲਾਜ਼ਮ ਇਸ ਮੁਹਿੰਮ ’ਚ ਸ਼ਾਮਲ ਸਨ।